ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
# - ਰੀ-ਸਾਈਕਲ !! - #
# - ਰੀ-ਸਾਈਕਲ !! - #
Page Visitors: 2657

#  -   ਰੀ-ਸਾਈਕਲ !!  -  #

ਭਾਫਾਂ ਬਣ ਜੋ ਵਿੱਚ ਅਸਮਾਨੀ ਚੜ੍ਹਦਾ ਹੈ ,
ਉਹੀ ਪਾਣੀ ਬਾਰਿਸ਼ ਬਣਕੇ ਵਰ੍ਹਦਾ ਹੈ ।

ਪਾਣੀ ਵਿੱਚ ਹੈ ਜੀਵਨ,ਜੀਵਨ ਵਿੱਚ ਪਾਣੀ,
ਇੱਕ ਦੇ ਬਾਝੋਂ ਦੂਜੇ ਦਾ ਨਹੀਂ ਸਰਦਾ ਹੈ ।

ਪਾਣੀ ਦੇ ਤਿੰਨ ਰੂਪਾਂ ਦੀ ਕੀ ਗੱਲ ਕਰੀਏ,
ਜੀਵਨ ਦਾ ਹਰ ਰੂਪ ਇਹਦੇ ਬਿਨ ਮਰਦਾ ਹੈ ।

ਪਵਣ ਗੁਰੂ ਦੇ ਨਾਲ ਪਿਤਾ ਇਹ ਪਾਣੀ ਹੈ,
ਹਰ ਬੰਦਾ ਇਹ ‘ਜਪੁਜੀ’ ਅੰਦਰ ਪੜ੍ਹਦਾ ਹੈ ।

ਜੋ ਪਾਣੀ ਹੈ ਅਮ੍ਰਿਤ ਜੀਵਨ-ਧਾਰਾ ਲਈ,
ਉਸੇ ਵਿੱਚ ਹੀ ਡੁੱਬਕੇ ਜੀਵਨ ਹਰਦਾ ਹੈ ।

ਕੁਦਰਤ ਖੁਦ ਰੀ-ਸਾਈਕਲ ਕਰਦੀ ਰਹਿੰਦੀ ਹੈ,
ਭਾਵੇਂ ਜੀਵਨ ਦੀ ਹਰ ਆਂਤੋਂ ਝਰਦਾ ਹੈ ।

ਸਮਿਆਂ ਪਹਿਲਾਂ ਜੀਵਨ ਨੇ ਜੋ ਪੀਤਾ ਸੀ,
ਉਹੀਓ ਅੱਜ ਵੀ ਮੁੜ-ਮੁੜ ਚੱਕਰ ਭਰਦਾ ਹੈ ।

ਧਰਤੀ ਤੇ ਕੁਝ ਬਾਹਰੋਂ ਆਉਂਦਾ-ਜਾਂਦਾ ਨਹੀਂ,
‘ਏਕਾ ਵਾਰ’ ਦਾ ਹੋਇਆ ਰੂਪ ਹੀ ਘੜਦਾ ਹੈ ।

ਧਰਤੀ ਦੇ ਸੰਗ ਦੋ ਤਿਹਾਈ ਪਾਣੀ ਹੈ,
ਜੀਵਨ ਨੂੰ ਵੀ ਇਸ ਅਨੁਪਾਤੇ ਭਰਦਾ ਹੈ ।

ਆਪੂੰ ਤਾਂ ਉਹ ਲੱਭਦਾ ਕਿਧਰੇ ਸੁੱਚਾ ਨਾ,
ਜਿਸ ਨਾਲ ਬੰਦਾ ਸਭ ਕੁਝ ਸੁੱਚਾ ਕਰਦਾ ਹੈ ।

ਦੁਨੀਆਂ ਅੰਦਰ ਸੁੱਚਮ ਨਾਂ ਦੀ ਚੀਜ ਨਹੀਂ,
ਜਦ ਤਕ ਨਾ ਕੋਈ ਜਾਣੇ ਤਦ ਤਕ ਪਰਦਾ ਹੈ ।

ਬੰਦਾ ਵੀ ਇਸ ਪਾਣੀ ਦਾ ਹੀ ਤੁਪਕਾ ਹੈ ,
ਦੇਖਣ ਨੂੰ ਹੀ ਲਗਦਾ ਜੰਮਦਾ-ਮਰਦਾ ਹੈ ।

(ਡਾ ਗੁਰਮੀਤ ਸਿੰਘ ਬਰਸਾਲ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.