ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਬਾਬੇ-ਕੇ ਬਨਾਮ ਪਾਧੇ-ਕੇ
ਬਾਬੇ-ਕੇ ਬਨਾਮ ਪਾਧੇ-ਕੇ
Page Visitors: 2644

ਬਾਬੇ-ਕੇ ਬਨਾਮ ਪਾਧੇ-ਕੇ

ਹੱਕ ਸੱਚ ਦੇ ਮਾਪ ਵਾਲਾ, ਚੰਗੇ ਇਖਲਾਕ ਵਾਲਾ ,
ਬਿਪਰਾਂ ਨੂੰ ਭਾ ਨਹੀਂ ਸਕਦਾ, ਨਾਨਕ ਦੇ ਜਾਪ ਵਾਲਾ ।

ਪਾਧੇ ਤੇ ਪਾਧੇ ਕਿਆਂ ਨੂੰ, ਬਾਬੇ ਤੇ ਬਾਬੇ ਕਿਆਂ ਵਿੱਚ,
ਲਗਦਾ ਸੀ ਕੋਈ ਵੱਖਰਾ, ਜਜ਼ਬਾ ਖੜਾਕ ਵਾਲਾ ।

ਲੁੱਟਦੇ ਜੋ ਕਿਰਤੀਆਂ ਨੂੰ, ਮਜ਼ਹਬ ਦੀ ਆੜ ਲੈਕੇ ,
ਘੜ-ਘੜ ਕੇ ਸ਼ਰਧਾ-ਉੱਲੂ, ਧੰਦਾ ਜੋ ਪਾਪ ਵਾਲਾ ।

ਨਸਲਾਂ ਦੀ ਘਾਤ ਖਾਤਿਰ, ਕੀਤੇ ਜੋ ਘੱਲੂ-ਕਾਰੇ,
ਕਿੱਦਾਂ ਸਮਾਂ ਉਹ ਭੁੱਲੇ,  ਭੋਗੇ ਸੰਤਾਪ ਵਾਲਾ ।

ਅਣਖਾਂ ਦੇ ਨਾਲ ਜੀਣਾ, ਹੱਕ-ਸੱਚ ਲਈ ਲੜਕੇ ਮਰਨਾ,
ਨਾਨਕ ਨੇ ਦੱਸਿਆ ਰਸਤਾ, ਕਿਰਦਾਰ ਪਾਕ ਵਾਲਾ ।

ਲੋਕਾਂ ਨੂੰ ਵੰਡਕੇ ਵਰਗੀਂ, ਚੱਲਦੀ ਹੈ ਜਿਸਦੀ ਰੋਟੀ,
ਰਸਤਾ ਉਹ ਕਿੰਝ ਕਬੂਲੇ, ਸਭ ਦੇ ਮਿਲਾਪ ਵਾਲਾ ।

ਲਗਦਾ ਹੈ ਪਾਧੇ ਕਿਆਂ ਨੂੰ, ਝੰਡਾ ਬਗਾਵਤੀ ਜਿਹਾ,
ਭਾਵੇਂ ਕੈਲੰਡਰ ਹੋਵੇ,  ਨਾਨਕ ਦੀ ਛਾਪ ਵਾਲਾ ।

ਬਾਬੇ ਦੇ ਦੱਸੇ ਰਸਤੇ, ਬਾਬੇ-ਕੇ ਤੁਰ ਰਹੇ ਨੇ,
ਛਿੱਤਰਾਂ ‘ਨਾ ਕੁੱਟਕੇ ਫਤਵਾ, ਬਿਪਰਾਂ ਦੇ ਬਾਪ ਵਾਲਾ ।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.