ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਕਾਸ਼ ਤੇਰੇ ਤੇ ਬਿੱਪਰ ਵਿਚ ਕੋਈ ਤਾਂ ਫਰਕ ਹੁੰਦਾ !!!
ਕਾਸ਼ ਤੇਰੇ ਤੇ ਬਿੱਪਰ ਵਿਚ ਕੋਈ ਤਾਂ ਫਰਕ ਹੁੰਦਾ !!!
Page Visitors: 2595

ਕਾਸ਼ ਤੇਰੇ ਤੇ ਬਿੱਪਰ ਵਿਚ ਕੋਈ ਤਾਂ ਫਰਕ ਹੁੰਦਾ !!!

ਚੇਤੇ ਰੱਖ ਦਸਮ ਪਾਤਸ਼ਾਹ ਦੀ ਗੱਲ ਕਰਨੀ ਏਂ ਤਾਂ
ਨਿਰਮਲ ਨਜ਼ਰ ਦੀ ਗੱਲ ਵੀ ਕਰ
ਜੀਵਨ ਅੰਮ੍ਰਿਤ ਨਿਰਮਲ ਨਜ਼ਰ ਨਾਲ ਬਣਦਾ ਹੈ
ਗੁਰੂ ਨੇ ਤੇਰੇ ਨੇਤਰਾਂ ਤੇ ਜਲ ਦੇ ਛਿੱਟੇ
ਵਾਰ ਵਾਰ ਪੰਜ ਵਾਰ ਐੇਵੇਂ ਨਹੀਂ ਸੀ ਮਾਰੇ !

ਦੇਖੀਂ ਧੜੇਬਾਜ਼ੀ ਦੀ ਐਨਕ ਤੇਰੀ ਨਜ਼ਰ ਨੂੰ ਧੁੰਦਲਾ ਨਾ ਜਾਵੇ
ਕਿਸੇ ਹੋਰ ਦੀ ਗੱਲ ਤਾਂ ਮਗਰੋਂ
ਘੱਟੋ ਘੱਟ ਸਿੱਖ ਨੂੰ ਤਾਂ ਸਿੱਖ ਵਿਚੋਂ ਗੁਰੂ ਨਜ਼ਰ ਆਵੇ
ਦੇਖੀਂ ਕਿਤੇ ਰੰਗ, ਨਸਲ, ਧਰਮ ਅਤੇ ਜਾਤ ਦੇ ਵਿਤਕਰੇ
ਕਿਧਰੇ ਤੈਨੂੰ ਦੀਦੇ-ਹੀਣ ਨਾ ਕਰ ਦੇਣ

ਚੇਤੇ ਰੱਖ ਗੁਰੂ ਤੇਥੋਂ ਨਿਰਮਲ ਨਜ਼ਰ ਦੀ ਮੰਗ ਕਰਦਾ ਹੈ
ਚੇਤੇ ਰੱਖ ਜੀਵਨ ਅੰਮ੍ਰਿਤ ਨਿਰਮਲ ਨਜ਼ਰ ਨਾਲ ਬਣਦਾ ਹੈ
ਜਗਤ ਗੁਰੂ ਨੂੰ ਆਪਣਾਂ ਗੁਰੂ ਕਹਿਣ ਤੋਂ ਪਹਿਲਾਂ ਚੇਤੇ ਰੱਖੀਂ
ਜੀਵਨ ਅੰਮ੍ਰਿਤ ਲਈ ਵਿਵੇਕ ਬੁੱਧ ਲਾਜ਼ਮੀ ਹੈ
ਗੁਰੂ ਨੇ ਤੇਰੇ ਸੀਸ ਵਿਚ ਪੰਜ ਚੂਲੇ ਐਵੇਂ ਨਹੀਂ ਸੀ ਪਾਏ

ਜਦੋਂ ਸੋਚ ਸੌਂ ਜਾਵੇ ਤਾਂ ਮਸਲੇ ਉਲਝ ਜਾਂਦੇ ਨੇ
ਦੇਖ ਲੈ ਤੇਰੇ ਪੰਜਾਬ ਦਾ ਮਸਲਾ
ਜਦੋਂ ਸੁਰਤ ਹਲਕ ਜਾਂਦੀ ਹੈ ਤਾਂ
ਇਹ ਆਤਮਘਾਤੀ ਹੋ ਜਾਂਦੀ ਹੈ
ਖਿਮਾਂ ਕਰਨਾਂ ਏਸ ਮੁੱਦੇ ਤੇ ਮੈਂ ਕੁਝ ਹੋਰ ਨਹੀਂ ਕਹਿਣਾਂ

ਘਰ ਦੀ ਸੁਰੱਖਿਅਤ ਚਾਰਦੀਵਾਰੀ ਅੰਦਰ
ਪੁਲਸ ਦੀ ਪਹਿਰੇਦਾਰੀ ਅੰਦਰ
ਅਦਾਲਤ ਦੀ ਦਾਨੀ ਸਰਦਾਰੀ ਅੰਦਰ
ਵੱਢਣ ਵਾਲੇ ਤਾਂ ਵੱਢ ਹੀ ਜਾਂਦੇ ਹਨ
ਸਾਡੇ ਵਿਚ ਤਾਲਿਬਾਨਾਂ ਦੀ ਬਹੁਗਿਣਤੀ ਹੈ

ਕੁਲ ਦੁਨੀਆਂ ਦੇ ਸਾਂਝੇ ਰੱਬ ਨੂੰ ਆਪਣਾ ਗੁਰੂ ਕਹਿਣ ਤੋਂ ਪਹਿਲਾਂ
ਚੇਤੇ ਰੱਖ ਓਸ ਗੁਰੂ ਨੇ ਕਿਹਾ ਸੀ
ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ
ਜੋ ਧੜਿਆਂ ਅਤੇ ਧਗੜਿਆਂ ਵਿਚ ਉਲਝ ਜਾਵੇ ਉਹ ਖਾਲਸਾ ਨਹੀਂ ਹੋ ਸਕਦਾ
ਜੋ ਸਮਾਜ ਨੂੰ ਲੀਰੋ ਲੀਰ ਕਰੇ ਉਹ ਖਾਲਸਾ ਨਹੀਂ ਹੋ ਸਕਦਾ

ਜੋ ਢਾਈ ਇੱਟ ਦੀ ਮਸੀਤ ਤਕ ਸੀਮਤ ਹੋਵੇ
ਉਹ ਖਾਲਸਾ ਨਹੀਂ ਹੋ ਸਕਦਾ
ਖਾਲਸਾ ਤਾਂ ਅਕਾਲ ਪੁਰਖ ਦਾ ਫੌਜੀ ਸੀ
ਖਾਲਸਾ ਕੁਲ ਦੁਨੀਆਂ ਨੂੰ ਜਵਾਬ ਦੇਹ ਸੀ
ਖਾਲਸਾ ਕੁਲ ਖਲਕਤ ਦੀ ਜਾਨ ਤੇ ਆਨ ਸ਼ਾਨ ਸੀ।

ਚੇਤੇ ਰੱਖ ਗੁਰੂ ਨੀਚਾਂ ਅੰਦਰ ਨੀਚਾਂ ਸੰਗ
ਅਤੇ ਮਾਸੂਮ ਚਿੜੀਆਂ ਸੰਗ ਖੜ੍ਹਿਆ ਸੀ
ਤੇ ਉਹਨਾਂ ਲਈ ਹੀ ਲੜਿਆ ਸੀ
ਸੱਚ ਤਾਂ ਇਹ ਹੈ ਕਿ ਅੰਮ੍ਰਿਤ ਦੀ ਬੂੰਦ ਵੀ
ਉਸ ਉਹਨਾ ਲਈ ਬਣਾਈ ਸੀ

ਨਿਮਰਤਾ ਦੀ ਗੁਰਜ ਬਿਨਾਂ ਅੰਮ੍ਰਿਤਧਾਰੀ ਨਹੀਂ ਹੋ ਸਕੀਦਾ
ਚੇਤੇ ਰੱਖ ਅੱਜ ਤੇਰੀ ਅਤੇ ਤੇਰੇ ਵਰਗੇ ਹੋਰਾਂ ਦੀ ਹਾਲ ਪਾਹਰਿਆ
ਫੋਕੀ ਤੇ ਢੌਂਗੀ ਸਰਦਾਰੀ ਲਈ ਹੈ
ਇਹ ਹੀ ਕਾਰਨ ਹੈ ਉਹ ਦੂਜਿਆਂ ਨਾਲ ਘੱਟ
ਪਰ ਆਪਸ ਵਿਚ ਵਧੇਰੇ ਖਹਿੰਦੇ ਨੇ

ਚੇਤੇ ਰੱਖ ਧੱਕੇ ਨਾਲ ਕਾਇਮ ਕੀਤੀਆਂ ਚੌਧਰਾਂ
ਧੱਕੇ ਨਾਲ ਹੀ ਜਾਂਦੀਆਂ ਨੇ
ਚੋਰਾਂ,ਰਿਸ਼ਵਤਖੋਰਾਂ, ਬਲੈਕ ਮੇਲਰਾਂ ਅਤੇ
ਪਰਿਵਾਰ ਪ੍ਰਸਤਾਂ ਦੀ ਚੌਧਰ ਤੇ ਹਕੂਮਤ ਨੂੰ
ਇਤਹਾਸ ਨੇ ਮੱਕਾਰੀ ਅਤੇ ਗੱਦਾਰੀ ਦਾ ਨਾਮ ਦੇਣਾਂ ਹੈ

ਮੈਂ ਤੈਨੂੰ ਹੋਰ ਕੀ ਕੀ ਚੇਤੇ ਕਰਵਾਵਾਂ
ਤੂੰ ਤਾਂ ਆਪਣੀ ਔਲਾਦ ਦੀ ਵੀ ਨਹੀਂ ਸੁਣਦਾ
ਤੇਰੇ ਕੰਨ ਉਹਨਾਂ ਦੀ ਨਿਰਮਲ, ਸਾਫ ਸੁੱਚੀ ਅਤੇ
ਮਾਸੂਮ ਆਵਾਜ਼ ਨੂੰ ਸੁਣਨੋਂ ਅਸਮਰਥ ਹਨ
ਤੂੰ ਮੇਰੀ ਕਿਥੇ ਸੁਣੇਂਗਾ ਮਨਾਂ ਤੂੰ ਮੇਰੀ ਕਿਥੇ ਸੁਣੇਂਗਾ 

ਕਾਸ਼ ਤੇਰੇ ਤੇ ਬਿੱਪਰ ਵਿਚ ਕੋਈ ਤਾਂ ਫਰਕ ਹੁੰਦਾ !!!
ਕੁਲਵੰਤ ਸਿੰਘ ਢੇਸੀ 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.