ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਰੱਬ ਦੀ ਪ੍ਰਾਪਤੀ !!!
ਰੱਬ ਦੀ ਪ੍ਰਾਪਤੀ !!!
Page Visitors: 2568

ਰੱਬ ਦੀ ਪ੍ਰਾਪਤੀ !!!

‘ਪੁਰਖ’ ‘ਅਜੂਨੀ’ ਗੁਰੂਆਂ ਜੋ ਸਮਝਾਇਆ ਹੈ ,
ਸਾਡੀ ਐਨਕ ਦੇ ਉਹ ਫਿੱਟ ਨਹੀਂ ਆਇਆ ਹੈ ।

ਕਈ ਵਾਰੀ ਇਹ ਜਗਤ-ਪਸਾਰਾ ਪੱਸਰਿਆ,
ਕਈ ਵਾਰੀ ਉਸ ਆਪੇ ਖੁਦ ਨੂੰ ਢਾਇਆ ਹੈ ।

ਆਪਣੇ ਆਪ ਨੂੰ ਆਪੇ ਹੀ ਜੋ ਸਾਜ ਰਿਹਾ,
ਬਾਬੇ ਉਸਨੂੰ ‘ਸੈਭੰ’ ਕਹਿ ਪ੍ਰਗਟਾਇਆ ਹੈ ।

ਕਰਤੇ ਬਾਝ ਨਾ ਕਿਰਤ, ਕਿਰਤ ਬਿਨ ਕਰਤਾ ਨਾ,
ਗੁਰਬਾਣੀ ਨੇ ਏਹੀ ਰੂਪ ਸੁਝਾਇਆ ਹੈ ।

ਜ਼ਰੇ ਜ਼ਰੇ ਵਿੱਚ ਓਸੇ ਦਾ ਹੀ ਜਲਵਾ ਹੈ,
ਜਿੱਧਰ ਦੇਖੋ ਓਸੇ ਦੀ ਹੀ ਛਾਇਆ ਹੈ ।

ਗਿਆਨ ਓਸ ਦੀ ਥਾਹ ਤੋਂ ਪਿੱਛੇ ਰਹਿੰਦਾ ਹੈ,
‘ਨਾਨਕ’ ਜਿਸਨੂੰ ‘ਬੇਅੰਤ’ ‘ਬੇਅੰਤ’ ਫੁਰਮਾਇਆ ਹੈ ।

ਜਿਸਨੇ ਜੀਵਨ ਵਿੱਚ ਉਸਨੂੰ ਪਹਿਚਾਣ ਲਿਆ,
ਉਸਦੀ ਕਿਰਤ, ਸੁਕਿਰਤ ਦਾ ਰੂਪ ਵਟਾਇਆ ਹੈ ।

ਉਸਦੇ ਜੱਗਤ ਦੀ ਸੇਵਾ ਉਸਦੀ ਪੂਜਾ ਹੈ,
ਖਲਕਤ ਦੇ ਖੁਸ਼ ਹੁੰਦਿਆਂ ਉਹ ਮੁਸਕਾਇਆ ਹੈ ।

ਬੰਦਿਆਂ ਆਪਣੇ ਵਾਂਗੂ ਆਪਣੇ ਖਿਆਲਾਂ ਵਿੱਚ,
ਰੱਬ ਨੂੰ ਵੀ ਵਡਿਆਈ-ਖੋਰ ਜਤਾਇਆ ਹੈ ।

ਆਪਣੇ ਹੀ ਗੁਣ ਸੁਣਕੇ ਉਹ ਖੁਸ਼ ਹੁੰਦਾ ਹੈ,
ਏਦਾਂ ਕਹਿਕੇ ਸਭ ਨੂੰ ਭੇਡ ਬਣਾਇਆ ਹੈ

ਛੱਡ ਆਡੰਬਰੀ ਪੂਜਾ ਰਜਾ ‘ਚ ਰਹਿੰਦਾ ਜੋ,
ਓਸ ਪੁਜਾਰੀ ਤੋਂ ਨਾਸਤਕ ਅਖਵਾਇਆ ਹੈ ।

ਗੈਰ-ਕੁਦਰਤੀ ਆਸਾਂ ਤੱਕਣ ਵਾਲੇ ਨੇ,
ਆਪਣੇ ਆਸਤਕ ਹੋਣ ਦਾ ਝੰਡਾ ਲਾਇਆ ਹੈ ।

ਆਸਤਕ-ਨਾਸਤਕ ਸਭਨਾਂ ਵਿੱਚ ਉਹ ਰਮਿਆਂ ਹੈ,
ਉਸਦੇ ਲਈ ਨਾ ਜੱਗ ਤੇ ਕੋਈ ਪਰਾਇਆ ਹੈ ।

ਰੱਬ ਅੱਖਾਂ ਨਾਲ ਦੇਖਣ ਦੀ ਕੋਈ ਚੀਜ ਨਹੀਂ,
ਜਿਸਨੇ ਵੀ ਮਹਿਸੂਸਿਆ ਸਮਝੋ ਪਾਇਆ ਹੈ ।।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.