ਇਹ ਤਲਖ ਸੱਚਾਈਆਂ ਨੇ ਮੇਰੇ ਦੇਸ਼ ਪੰਜਾਬ ਦੀਆਂ…?
ਭਾਂਵੇ ਭਰਨੀਆਂ ਸੌਖੀਆਂ ਨਹੀਂ ਘੁੱਟਾਂ ਤੇਜ਼ਾਬ ਦੀਆਂ
ਇਹ ਤਲ਼ਖ ਸੱਚਾਈਆਂ ਨੇ ਮੇਰੇ ਦੇਸ਼ ਪੰਜਾਬ ਦੀਆਂ
ਜੀਹਦੇ ਗਲ ਤੇ ਛੁਰੀ ਟਿਕੀ ਸਭ ਟੱਬਰ ਦੇ ਜੀਆਂ ਦੀ
ਕੁੱਖ ਵਿੱਚ ਹੀ ਮਰ ਜਾਣਾ ਹੋਣੀ ਏ ਧੀਆਂ ਦੀ
ਲਲਚਾਈਆਂ ਜੀਭਾਂ ਨੰੂ ਤਾਂਘਾਂ ਚਿੜੀਆਂ ਦੇ ਕਬਾਬ ਦੀਆਂ
ਇਹ ਤਲ਼ਖ ਸੱਚਾਈਆਂ ਨੇ ਮੇਰੇ ਦੇਸ਼ ਪੰਜਾਬ ਦੀਆਂ
ਪੁੱਤਾਂ ਦੀ ਦਾਤ ਲਈ ਮਾਵਾਂ ਸਭ ਪੀਰ ਮਨਾ ਛੱਡੇ
ਰੁਜ਼ਗਾਰ ਦੀ ਥੁੜ੍ਹ ਨੇ ਸਭ ਪ੍ਰਵਾਸੀ ਬਣਾ ਛੱਡੇ
ਬੁੱਢੀਆਂ ਅੱਖਾਂ ਲਾ ਚਸ਼ਮੇ ਤੱਕਣ ਰਾਹਾਂ ਨਿੱਤ ਜਹਾਜ਼ ਦੀਆਂ
ਇਹ ਤਲ਼ਖ ਸੱਚਾਈਆਂ ਨੇ ਮੇਰੇ ਦੇਸ਼ ਪੰਜਾਬ ਦੀਆਂ
ਅੰਨ ਦਾਤੇ ਦੇ ਸਿਰ ਤੇ ਹੋਗੀ ਪੰਡ ਕਰਜੇ ਦੀ ਭਾਰੀ
ਚੁਣੀਆਂ ਸਰਕਾਰਾਂ ਹੀ ਫੇਰਨ ਲੱਗੀਆਂ ਜੜ੍ਹ ਵਿੱਚ ਆਰੀ
ਵਾਅਦੇ ਨਾ ਵਫਾ ਹੋਏ ਅੱਖਾਂ ਫਿਰ ਗਈਆਂ ਜਨਾਬ ਦੀਆਂ
ਇਹ ਤਲ਼ਖ ਸੱਚਾਈਆਂ ਨੇ ਮੇਰੇ ਦੇਸ਼ ਪੰਜਾਬ ਦੀਆਂ
ਔਰੰਗੇ ਤੇ ਅਬਦਾਲੀ ਦੇ ਨੇਜ਼ੇ ਤੋਂ ਰਹਿਗੀ ਜਿਹੜੀ ਕਸਰ ਅਧੂਰੀ
ਚਿੱਟੇ ਤੇ ਟੀਕਿਆਂ ਨੇ ਲੱਗਦੈ ਕਰ ਦੇਣੀ ਹੁਣ ਪੂਰੀ
ਪਾਲੀਏ ਵਜੂਦ ਖ਼ਤਰਾ ਏ ਕੌਮਾਂ ਕਿਉਂ ਨੀ ਜਾਗਦੀਆਂ
ਇਹ ਤਲ਼ਖ ਸੱਚਾਈਆਂ ਨੇ ਮੇਰੇ ਦੇਸ਼ ਪੰਜਾਬ ਦੀਆਂ
ਸਤਨਾਮ ਸਿੰਘ ਪਾਲੀਆ