ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
# - ਅੱਜ ਦੀ ਸਾਚੀ ਸਾਖੀ - #
# - ਅੱਜ ਦੀ ਸਾਚੀ ਸਾਖੀ - #
Page Visitors: 2620

 # - ਅੱਜ ਦੀ ਸਾਚੀ ਸਾਖੀ - #

ਦਿਲਾਂ ‘ਚ ਹੋਏ ਪਿਆਰ ਤਾਂ ਗੱਲ ਬਣਦੀ ਏ
ਚੜ੍ਹਿਆ ਹੋਏ ਖੁਮਾਰ ਤਾਂ ਗੱਲ ਬਣਦੀ ਏ

ਮਾਸ ਫਿਰੋਸ਼ੀ ਮਤਲਬ ਖੋਰੀ ਦੀਆਂ ਚੋਜਾਂ
ਰੂਹਾਂ ਹੋਵਣ ਯਾਰ ਤਾਂ ਗੱਲ ਬਣਦੀ ਏ

ਮਸੰਦ ਮਸੀਹੇ ਰਾਜ ਧਰਮ ਤੇ ਹਾਵੀ ਨੇ
ਕਰ ਦਈਏ ਮੂੰਹ ਭਾਰ ਤਾਂ ਗੱਲ ਬਣਦੀ ਏ

ਸਾਵੇ ਪੱਤਰ ਤੂੰ ਦੇਖੇ, ਮੈਂ ਦੇਖੇ ਨੇ
ਹੋਈਏ ਜੇ ਸਰਸ਼ਾਰ ਤਾਂ ਗੱਲ ਬਣਦੀ ਏ

ਦੌਲਤ ਰੁਤਬਾ ਅਕਸਰ ਲੀਹੋਂ ਲਾਹ ਦਿੰਦੇ
ਹਾਜ਼ਰ ਰਹੇ ਸਰਕਾਰ ਤਾਂ ਗੱਲ ਬਣਦੀ ਏ

ਗਲਤੀ ਕਰ ਕੋਈ ਏਨਾ ਹੀ ਕਹਿ ਦੇਵੇ ਜੇ
ਬੰਦਾ ਭੁੱਲਣਹਾਰ ਤਾਂ ਗੱਲ ਬਣਦੀ ਏ

ਜ਼ਾਤ ਧਰਮ ਤੇ ਰੰਗਾਂ ਵਲ ਨੂੰ ਨਾ ਜਾਈਏ
ਗੁਣਾਂ ਦਾ ਹੋਏ ਮਿਆਰ ਤਾਂ ਗੱਲ ਬਣਦੀ ਏ

ਝੂਠ ਸਿਆਸਤ ਗੁਰੂ ਦੁਆਰੇ ਆ ਬੈਠੀ
ਸ਼ਰਮਾਂ ਦੀ ਹੋਏ ਮਾਰ ਤਾਂ ਗੱਲ ਬਣਦੀ ਏ

ਮੀਰੀ ਪੀਰੀ ਪ੍ਰੇਮ ਦਇਆ ਸੀ ਗੁਰੂਆਂ ਦੀ
ਹੋ ਜਾਵੇ ਇਜ਼ਹਾਰ ਤਾਂ ਗੱਲ ਬਣਦੀ ਏ

ਕਹਿਣ ਨੂੰ ਇੱਕੋ ਬਾਪੂ ਦੇ ਹੀ ਕਹਿੰਦੇ ਹਾ
ਕਰੀਏ ਜੇ ਇਤਬਾਰ ਤਾਂ ਗੱਲ ਬਣਦੀ ਏ

ਹਰ ਕੋਈ ਆਪੋ ਆਪਣਾ ਪੂਜ ਬਣਾ ਲੈਂਦਾ
ਨਾ ਆਈਏ ਵਿਚਕਾਰ ਤਾਂ ਗੱਲ ਬਣਦੀ ਏ

ਅੱਜ ਗੁਨਾਹ ਤੇ ਭਲਕੇ ਦੀ ਜੋ ਤੋਬਾ ਹੈ
ਹੋਵੇ ਬੰਦ ਉਧਾਰ ਤਾਂ ਗੱਲ ਬਣਦੀ ਏ

ਅਣਹੋਏ ਕਿੱਸੇ ਨੇ ਹੀ ਮੱਤ ਮਾਰੀ ਹੈ
ਟੁਰੀਏ ਹੌਲੇ ਭਾਰ ਤਾਂ ਗੱਲ ਬਣਦੀ ਏ

ਅੰਮ੍ਰਿਤ ਦੇ ਲਈ ਅੰਮ੍ਰਿਤ ਹੋਣਾ ਪੈਣਾ ਹੈ
ਜ਼ਰਾ ਨਾ ਹੋਵੇ ਗਾਰ ਤਾਂ ਗੱਲ ਬਣਦੀ ਏ

ਪਾਟੇ ਹੋਏ ਪੰਜਾਬੀ ਜੇ ਇੱਕ ਦੂਜੇ ਲਈ
ਲੈਂਦੇ ਬਾਹਾਂ ਪਸਾਰ ਤਾਂ ਗੱਲ ਬਣਦੀ ਏ

ਮੱਤ ਮਾਰਦੇ ਮਜ਼ਹਬ ਅਕਸਰ ਦੇਖੇ ਨੇ
ਉਤਰੇ ਜ਼ਰਾ ਬੁਖਾਰ ਤਾਂ ਗੱਲ ਬਣਦੀ ਏ

ਕੰਨਾਂ ਦਾ ਸੰਗੀਤ ਕਿਤੇ ਨਾ ਹੋਵੇ ਜੇ
ਮਾਇਆ ਦੀ ਟੁਣਕਾਰ ਤਾਂ ਗੱਲ ਬਣਦੀ ਏ

ਲੋਕ ਸੇਵਾ ਕਰ ਨੇਤਾ ਤੇ ਸਾਰੇ ਅਫਸਰ
ਹੋ ਜਾਂਦੇ ਸਰਦਾਰ ਤਾਂ ਗੱਲ ਬਣਦੀ ਏ

ਕਿਰਪਾ ਦੀ ਕਿਰਪਾਨ ਕਬੂਲੀ ਜਾਣੀ ਹੈ
ਨਾ ਹੋਵੇ ਤਲਵਾਰ ਤਾਂ ਗੱਲ ਬਣਨੀ ਏ

ਧੜਿਆਂ ਦੇ ਧੜਵਾਈ ਸਾਡੇ ਹਾਵੀ ਨੇ
‘ਢੇਸੀ’ ਆਵੇ ਬਾਹਰ ਤਾਂ ਗੱਲ ਬਣਦੀ ਏ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.