ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
+ - ਹਾਕਮ ਨੂੰ ! - +
+ - ਹਾਕਮ ਨੂੰ ! - +
Page Visitors: 2595

 + - ਹਾਕਮ ਨੂੰ ! - +

ਜਦੋਂ ਮਦਹੋਸ਼ ਪਰਜਾ ਨੇ, ਕਦੇ ਕੋਈ ਅੱਖ ਖੋਲੀ ਹੈ ,
ਨਸ਼ੇ ਨੂੰ ਕਰ ਦਿਓ ਦੂਣਾ, ਤਦੇ ਸਰਕਾਰ ਬੋਲੀ ਹੈ ।

ਮਸਲਾ ਧਰਮ ਦਾ ਹੋਵੇ, ਚਾਹੇ ਕੋਈ ਰਾਜਨੀਤੀ ਦਾ ,
ਸੰਘੀ ਘੁੱਟ ਕੇ ਆਖਣ, ਕਿ ਜੰਤਾ ਬਹੁਤ ਭੋਲੀ ਹੇ ।

ਰਹਿਣੀ ਲੋੜ ਨਾ ਕੋਈ ਵੀ, ਧਰਮੀ ਰਾਜਨੀਤੀ ਦੀ ,
ਸਚਾਈ ਹੋ ਗਈ ਸਸਤੀ, ਸਮੇ ਨੇ ਗੱਲ ਤੋਲੀ ਹੈ ।

ਕੁੱਟਣਾ, ਲੁੱਟਣਾ ਹੁੰਦਾ, ਸਦਾ ਹੀ ਹੱਕ ਹਾਕਮ ਦਾ ,
ਏਹੋ ਸਮਝ ਬੈਠੀ ਹੈ, ਰਿਆਇਆ ਬਹੁਤ ਲੋਲ੍ਹੀ ਹੈ ।

ਜਿਸਨੇ ਉੱਤਲਿਆਂ ਦੇ ਕਹਿਣ ਤੇ, ਬਸ ਸਿਰ ਹਿਲਾਉਣਾ ਹੈ ,
ਇਹ ਦੁਨੀਆਂ ਮਾਲਕਾਂ ਦੀ ਬਣ ਗਈ, ਮਜਬੂਰ ਗੋਲੀ ਹੈ ।

ਚੁਫੇਰੇ ਏਸਦੇ ਜਦ, ਕਿਰਤੀਆਂ ਦਾ ਖੂਨ ਡਿਗਦਾ ਏ ,
ਉਸਨੂੰ ਜਾਪਦਾ ਕੋਈ ਸੁਰਖ ਜਿਹੇ, ਰੰਗਾਂ ਦੀ ਹੋਲੀ ਹੈ ।

ਨੀਤੀ ਜਾਣਦੀ ਹੈ ਧਰਮ ਨੂੰ, ਕਿੰਝ ਵਰਤਣਾ ਏਥੇ ,
ਸ਼ਾਸਕ ਦੇ ਰਹੇ ਫਤਵੇ, ਇੱਜਤ ਮਜ਼ਹਬਾਂ ਦੀ ਰੋਲੀ ਹੈ ।

ਖੀਰਾਂ ਖਾਣ ਨੂੰ ਸਭ ਜਾਣਦੇ, ਕਿ ਬਾਂਦਰੀ ਹੁੰਦੀ ,
ਡੰਡੇ ਖਾਣ ਨੂੰ ਅੱਗੇ ਕਰੀ, ਰਿੱਛਾਂ ਦੀ ਟੋਲੀ ਹੈ ।

ਖਤਰਾ ਦੇਸ਼ ਨੂੰ ਤੇ ਧਰਮ ਨੂੰ, ਕਿਉਂ ਜਾਪਦਾ ਉਸਨੂੰ ,
ਬਣਦੇ ਹੱਕ ਮੰਗਣ ਤੇ, ਜਿਸਦੀ ਸਰਕਾਰ ਡੋਲੀ ਹੈ ।

ਹੁੰਦਾ ਅਣਖ ਦੇ ਬੀਜਾਂ ਨੇ, ਸਦਾ ਪੁੰਗਰਦੇ ਰਹਿਣਾ ,
ਭਾਵੇਂ ਨਿੱਤ ਮੁਹਿੰਮਾਂ ਨੇ, ਕਰੀ ਜਮੀਨ ਪੋਲੀ ਹੈ ।

ਅੰਗਾਰੇ ਸੁਲਗਦੇ ਵੀ ਹੋਂਦ ਉਸਦੀ, ਲੂਹ ਸਕਦੇ ਨੇ,
ਖਬਰਦਾਰ ਜੇ ਪੰਜਾਬ ਦੀ, ਮਿੱਟੀ ਫਰੋਲੀ ਹੈ ।

ਉਸਦੇ ਆਖਰੀ ਸਾਹ ਦੀ, ਹਵਾ ਨੇ ਦੱਸਣਾ ਉਸਨੂੰ ,
ਜਿਸਨੂੰ ਪੀ ਲਿਆ ਏ ਤੂੰ, ਤੇਰੀ ਹੀ ਜਹਿਰ ਘੋਲੀ ਹੈ ।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.