ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਵੋਟ ਪਾਉਣ ਤੋਂ ਪਹਿਲਾਂ ਪੰਜਾਬ ਦੇ ਸਤਾਧਾਰੀ ਗੱਠਜੋੜ ਤੋਂ ਪੁੱਛੇ ਜਾਣ ਵਾਲੇ ਸਵਾਲ
ਵੋਟ ਪਾਉਣ ਤੋਂ ਪਹਿਲਾਂ ਪੰਜਾਬ ਦੇ ਸਤਾਧਾਰੀ ਗੱਠਜੋੜ ਤੋਂ ਪੁੱਛੇ ਜਾਣ ਵਾਲੇ ਸਵਾਲ
Page Visitors: 2706

ਵੋਟ ਪਾਉਣ ਤੋਂ ਪਹਿਲਾਂ ਪੰਜਾਬ ਦੇ ਸਤਾਧਾਰੀ ਗੱਠਜੋੜ ਤੋਂ ਪੁੱਛੇ ਜਾਣ ਵਾਲੇ ਸਵਾਲ
ਸ: ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀਉ ਆਪ ਜੀ ਦੀ ਪਾਰਟੀ ਸਿੱਖ ਪੰਥ ਦੀ ਸ਼੍ਰੋਮਣੀ ਨੁੰਮਾਇੰਦਾ ਜਥੇਬੰਦੀ ਅਖਵਾਉਣ ਦਾ ਮਾਨ ਹਾਸਲ ਕਰਦੀ ਹੈ। ਤੁਸੀਂ ਇਹ ਵੀ ਦਾਅਵਾ ਕਰਦੇ ਹੋ ਕਿ ਸਿੱਖ ਪੰਥ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਅਵਾਜ਼ ਬੁਲੰਦ ਕਰਦਾ ਹੈ ਜਦੋਂ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਇਹ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀਆਂ ਕੁਝ ਧਾਰਮਿਕ ਮੰਗਾਂ ਅਤੇ ਪੰਜਾਬ ਦੀਆਂ ਆਰਥਿਕ ਤੇ ਰਾਜਨੀਤਕ ਮੰਗਾਂ ਲਈ ਬਹੁਤ ਸਾਰੇ ਮੋਰਚੇ ਲਾਏ ਜੇਲ੍ਹਾਂ ਕੱਟੀਆਂ ਅਤੇ ਕਾਂਗਰਸ ਨੇ ਬਜਾਏ ਇਹ ਜਾਇਜ਼ ਮੰਗਾਂ ਮੰਨਣ ਦੇ ਅਕਾਲੀ ਮੋਰਚਿਆਂ ਨੂੰ ਸਰਕਾਰੀ ਤਾਕਤ ਨਾਲ ਕੁਚਲ ਦੇਣ ਦੀ ਨੀਤੀ ’ਤੇ ਚੱਲ ਕੇ ਪੰਜਾਬ ਦਾ ਭਾਰੀ ਨੁਕਸਾਨ ਕੀਤਾ ਹੈ। ਇਨ੍ਹਾਂ ਮੋਰਚਿਆਂ ਸਬੰਧੀ ਉਸ ਸਮੇਂ ਦੀ ਸਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਨੇ ਕੀ ਰੁੱਖ ਅਪਨਾਇਆ ਅਤੇ ਉਨ੍ਹਾਂ ਮੋਰਚਿਆਂ ਵਿੱਚ ਰੱਖੀਆਂ ਮੰਗਾਂ ਪ੍ਰਤੀ ਅੱਜ ਤੁਹਾਡੇ ਹੀ ਦਲ ਦਾ ਕੀ ਨਜ਼ਰੀਆਂ ਹੈ? ਇਹ ਜਾਨਣ ਲਈ ਆਪ ਜੀ ਤੋਂ ਹੇਠ ਲਿਖੇ ਸਵਾਲ ਪੁੱਛੇ ਜਾ ਰਹੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਇਨ੍ਹਾਂ ਦੇ ਸਹੀ ਸਹੀ ਜਵਾਬ ਦਿੱਤੇ ਜਾਣ ਤਾਂ ਕਿ ਪੰਜਾਬ ਵਾਸੀ ਆਉਣ ਵਾਲੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਸਹੀ ਫੈਸਲਾ ਕਰ ਸਕਣ।
   ਅਕਾਲੀ ਮੋਰਚਿਆਂ ਵਿੱਚ ਰੱਖੀਆਂ ਗਈਆਂ ਸਾਰੀਆਂ ਹੀ ਮੰਗਾਂ ਦਾ ਭਾਜਪਾ ਜ਼ਬਰਦਸਤ ਵਿਰੋਧ ਕਰਦੀ ਰਹੀ ਹੈ ਜਿਸ ਕਾਰਣ ਕਈ ਵਾਰ ਹਿੰਸਕ ਘਟਨਾਵਾਂ ਵੀ ਹੋਈਆਂ। ਭਾਜਪਾ ਦਾ ਮੁੱਖ ਆਗੂ ਯੱਗਯ ਦੱਤ ਸ਼ਰਮਾ ਅਕਾਲੀ ਦਲ ਦੀਆਂ ਮੰਗਾਂ ਦੇ ਵਿਰੋਧ ਵਿੱਚ ਭੁੱਖ ਹੜਤਾਲ ਜਾਂ ਮਰਨ ਵਰਤ ਵੀ ਰਖਦਾ ਰਿਹਾ ਸੀ। ਪਰ ਅੱਜ ਉਸੇ ਭਾਜਪਾ ਨਾਲ ਅਕਾਲੀ ਦਲ ਦਾ ਗੱਠਜੋੜ ਹੈ ਤਾਂ ਕੀ ਇਹ ਪੰਜਾਬ ਦੇ ਲੋਕਾਂ ਨਾਲ ਗਦਾਰੀ ਅਤੇ ਤਹਾਡੇ ਸਿਆਸੀ ਸੁਆਰਥਾਂ ਦੀ ਪੂਰਤੀ ਲਈ ਗੈਰ ਸਿਧਾਂਤਕ ਗੱਠਜੋੜ ਨਹੀਂ ਹੈ?
   ਸਤਲੁਜ-ਯਮੁਨਾ ਲਿੰਕ ਨਹਿਰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਨੇ 1982 ਵਿੱਚ ਪਿੰਡ ਕਪੂਰੀ ਵਿਖੇ ਨਹਿਰ ਰੋਕੂ ਮੋਰਚਾ ਲਾਇਆ ਸੀ ਜਿਹੜਾ ਕਿ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋ ਕੇ ਉਸ ਦਾ ਅੰਤ ਬਲਿਯੂ ਸਟਾਰ ਅਪ੍ਰੇਸ਼ਨ ਅਤੇ ਦਿੱਲੀ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਸਰਦਨਾਕ ਕਤਲੇਆਮ ਵਿੱਚ ਨਿਕਲਿਆ। ਇਸ ਮੋਰਚੇ ਦੀ ਸਿੱਖਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਪਰ ਹੁਣ ਤੁਸੀਂ ਉਸੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਭਾਰੇ ਜਾ ਰਹੇ ਨਰਿੰਦਰ ਮੋਦੀ ਦੇ ਸਭ ਤੋਂ ਵੱਡੇ ਸਮਰਥਕ ਹੋ ਜਿਹੜਾ ਕਿ 2009 ਦੀਆਂ ਲੋਕ ਸਭਾ ਚੋਣਾਂ ਦੌਰਾਣ ਲੁਧਿਆਣਾ ਵਿਖੇ ਐਲਾਣ ਕਰਕੇ ਗਿਆ ਸੀ ਕਿ ਜੇ ਉਨਾਂ ਦੀ ਕੇਂਦਰ ਵਿੱਚ ਸਰਕਾਰ ਬਣ ਗਈ ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਦਰਿਆਵਾਂ ਨੂੰ ਜੋੜਨ ਦਾ ਹੋਵੇਗਾ। ਤੁਹਾਡੇ ਵੱਲੋਂ ਚਪੜਚਿੜੀ ਵਿਖੇ ਪਿੱਛਲੇ ਦਿਨਾਂ ਵਿੱਚ ਹੀ ਕਰਵਾਏ ਗਏ ਕਿਸਾਨ ਸੰਮੇਲਨ ਵਿੱਚ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ ਭਾਜਪਾ ਮੁੱਖ ਮੰਤਰੀਆਂ ਨੇ ਵੀ ਨਰਿੰਦਰ ਮੋਦੀ ਵਾਲਾ ਬਿਆਨ ਦੁਹਰਾਅ ਕੇ ਸਾਬਤ ਕਰ ਦਿੱਤਾ ਕਿ ਭਾਜਪਾ ਅੱਜ ਵੀ ਸਾਰੇ ਦਰਿਆਵਾਂ ਨੂੰ ਜੋੜਨ ਲਈ ਅਟੱਲ ਹੈ; ਜਿਸ ਕਾਰਣ ਭਾਜਪਾ ਸਰਕਾਰ ਦੌਰਾਨ ਸਤਲੁਜ-ਯਮੁਨਾ ਲਿੰਕ ਨਹਿਰ ਨਿਕਲਣੀ ਅਵੱਸ਼ ਹੈ। ਸੋ ਤੁਹਾਡੇ ਲਈ ਪੰਜਾਬ ਵਾਸੀਆਂ ਨੂੰ ਜਵਾਬ ਦੇਣਾ ਬਣਦਾ ਹੈ ਕਿ ਜੇ ਅੱਜ ਇਹ ਨਹਿਰ ਕਢਵਾਉਣ ਲਈ ਸਹਿਮਤ ਹੋਣਾ ਸੀ ਤਾਂ 1982 ਵਿੱਚ ਇਸ ਵਿਰੁੱਧ ਮੋਰਚਾ ਲਾ ਕੇ ਕੌਮ ਦਾ ਇਤਨਾ ਨੁਕਸਾਨ ਕਰਵਾਉਣ ਦੀ ਕੀ ਲੋੜ ਸੀ?
      ਧਰਮ ਯੁੱਧ ਮੋਰਚੇ ਦੌਰਾਨ ਅਕਾਲੀ ਦਲ ਦੀ ਇੱਕ ਮੰਗ ਇਹ ਵੀ ਸੀ ਕਿ ਸਿੱਖ ਹਿੰਦੂ ਨਹੀਂ ਹਨ। ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦਰਸਾਉਣ ਵਾਲੀ ਸੰਵਿਧਾਨ ਦੀ ਧਾਰਾ 25(ਬੀ) ਦੀ ਸੋਧ ਕਰਕੇ ਇਸ ਦੀ (ਵਿਆਖਿਆ 2) ਖਤਮ ਕਰਨ ਦੀ ਮੰਗ ਰੱਖ ਕੇ ਇਸ ਧਾਰਾ ਨੂੰ ਦਿੱਲੀ ਵਿੱਚ ਅਕਾਲੀ ਦਲ ਦੇ ਮੁੱਖ ਆਗੂਆਂ ਨੇ ਰੋਸ ਵਜੋਂ ਸਾੜਿਆ ਸੀ; ਜਿਸ ਵਿੱਚ ਤੁਸੀਂ ਵੀ ਸ਼ਾਮਲ ਸੀ। ਪਰ ਅੱਜ ਕਿਸ ਮਜਬੂਰੀ ਵਿੱਚ ਤੁਸੀਂ ਉਸੇ ਭਾਜਪਾ ਨਾਲ ਸਿਆਸੀ ਗੱਠਜੋੜ ਕੀਤਾ ਹੈ ਜਿਸ ਨੇ ਉਸ ਸਮੇਂ ਅਕਾਲੀ ਦਲ ਵੱਲੋਂ ਸੰਵਿਧਾਨ ਦੀ ਧਾਰਾ 25 ਸਾੜੇ ਜਾਣ ਨੂੰ ਭਾਰਤੀ ਸੰਵਿਧਾਨ ਦਾ ਅਨਾਦਰ ਦੱਸ ਕੇ ਅਕਾਲੀ ਦਲ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਸੀ ਤੇ ਅੱਜ ਵੀ ਭਾਜਪਾ ਦੇ ਮੁੱਖ ਆਗੂ ਤੇ ਇਸ ਪਾਰਟੀ ਦੇ ਅਸਲੀ ਸ਼ਬਦਾਂ ਵਿੱਚ ਮੁੱਖ ਸੰਚਾਲਕ ਆਰਐੱਸਐੱਸ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਦੀ ਆ ਰਹੀ ਹੈ। ਫਿਰ ਸਿਧਾਂਤਕ ਤੌਰ ’ਤੇ ਸਿੱਖਾਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਕਰਨ ਦੀ ਕੀ ਮਜਬੂਰੀ ਹੈ?
   1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਜਿਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸ਼ਤਰੀ ਨੇ “ਜੈ ਜਵਾਨ-ਜੈ ਕਿਸਾਨ” ਦਾ ਨਾਰ੍ਹਾ ਲਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਸਿੱਖ ਕਿਸਾਨਾਂ ਨੂੰ ਸੱਦਾ ਦਿੱਤਾ ਸੀ ਕਿ ਸਿੱਖ ਇੱਕ ਬਹਾਦਰ ਕੌਮ ਹੈ ਇਸ ਲਈ ਉਹ ਪਾਕਿਸਤਾਨ ਨਾਲ ਲਗਦੇ ਗੁਜਰਾਤ ਦੇ ਕੱਛ ਖੇਤਰ ਵਿੱਚ ਆ ਕੇ ਵਸਣ ਜਿੱਥੇ ਉਹ ਸਰਹੱਦਾਂ ਦੀ ਰਾਖੀ ਵੀ ਕਰਨ ਅਤੇ ਬੰਜਰ ਪਈ ਜਮੀਨ ਨੂੰ ਆਬਾਦ ਕਰਕੇ ਉਸ ਵਿੱਚ ਅੰਨ ਪੈਦਾ ਕਰਕੇ ਦੇਸ਼ ਦੀਆਂ ਲੋੜਾਂ ਵੀ ਪੂਰੀਆਂ ਕਰਨ। ਸਿੱਖ ਕਿਸਾਨਾਂ ਨੇ ਆਪਣਾ ਖੂਨ-ਪਸੀਨਾ ਇੱਕ ਕਰਕੇ ਜ਼ਮੀਨ ਆਬਾਦ ਕੀਤੀ। ਪਰ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਗੈਰ-ਗੁਜਰਾਤੀ ਦੱਸ ਕੇ ਸਿੱਖ ਕਿਸਾਨਾਂ ਦੇ ਪਟੇ ਰੱਦ ਕਰਕੇ ਉਨ੍ਹਾਂ ਦੇ ਉਜਾੜੇ ਦਾ ਰਾਹ ਪੱਧਰਾ ਕੀਤਾ। ਸਿੱਖ ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਿਸ ਦਾ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਹੋਇਆ। ਮੋਦੀ ਨੇ ਹਾਈ ਕੋਰਟ ਦੇ ਇਸ ਫੈਸਲੇ ਵਿਰੁੱਧ ਸੁਪ੍ਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਮੋਦੀ ਸਿੱਖ ਕਿਸਾਨਾਂ ਦਾ ਉਜਾੜਾ ਕਰਨ ਲਈ ਤੁਲਿਆ ਹੋਇਆ ਹੈ। ਪਰ ਇਸ ਦੇ ਬਾਵਯੂਦ ਜਗਰਾਉਂ ਰੈਲੀ ਦੌਰਾਨ ਮੋਦੀ ਨੇ ਝੂਠ ਬੋਲਿਆ ਕਿ ਗੁਜਰਾਤ ਸਰਕਾਰ ਸਿੱਖਾਂ ਦਾ ਉਜਾੜ ਨਹੀਂ ਕਰ ਰਹੀ; ਇਹ ਸਿਰਫ ਕਾਂਗਰਸ ਦਾ ਗਲਤ ਪ੍ਰਾਪੇਗੰਡਾ ਹੈ। ਸਿੱਖ ਕਿਸਾਨਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਤੁਸੀਂ ਮੋਦੀ ਨੂੰ ਇਹ ਸਵਾਲ ਕਿਉਂ ਨਹੀ ਪੁੱਛ ਰਹੇ ਕਿ ਜੇ ਗੁਜਰਾਤ ਸਰਕਾਰ ਸਿੱਖ ਕਿਸਾਨਾਂ ਦਾ ਉਜਾੜਾ ਕਰਨਾ ਨਹੀਂ ਚਾਹੁੰਦੀ ਤਾਂ ਇਸ ਨੇ ਸੁਪ੍ਰੀਮ ਕੋਰਟ ਵਿੱਚ ਕੇਸ ਕਿਉਂ ਪਾਇਆ ਹੈ? ਅਤੇ ਜੇ ਉਨ੍ਹਾਂ ਨੂੰ ਹੁਣ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤਾਂ ਉਹ ਉਸ ਕੇਸ ਨੂੰ ਵਾਪਸ ਕਿਉਂ ਨਹੀਂ ਲੈ ਲੈਂਦੇ??
   ਤਕਰੀਬਨ ਹਰ ਚੋਣਾਂ ਮੌਕੇ ਤੁਸੀਂ ਕਾਂਗਰਸ ਵੱਲੋਂ ਪੰਜਾਬ ਤੇ ਪੰਥ ਨਾਲ ਕੀਤੇ ਧੱਕੇ, ਬਲਿਯੂ ਸਟਾਰ ਉਪ੍ਰੇਸ਼ਨ ਅਤੇ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਕੀਤੀ ਨਸਲਕੁਸ਼ੀ ਦਾ ਜ਼ਿਕਰ ਕਰਕੇ ਇਸ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀਆਂ ਨੂੰ ਕਾਂਗਰਸ ਸਰਕਾਰ ਵੱਲੋਂ ਸਜਾਵਾਂ ਨਾ ਦੇਣ ਦੀ ਗੱਲ ਕਰਕੇ ਸਿੱਖਾਂ ਦੀ ਵੋਟਾਂ ਵਟੋਰਦੇ ਰਹੇ ਹੋ। ਆਪ ਜੀ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਭਾਜਪਾ ਨਾਲ ਤੁਸੀਂ ਗੱਠਜੋੜ ਕੀਤਾ ਹੈ ਕੀ ਅੱਜ ਉਹ ਉਨ੍ਹਾਂ ਸਾਰੇ ਧੱਕਿਆਂ ਨੂੰ ਦੂਰ ਕਰਨ ਲਈ ਤਿਆਰ ਹਨ ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰਦੇ ਆ ਰਹੇ ਹੋ?
    ਜਗਰਾਉਂ ਰੈਲੀ ਸਮੇਂ ਤੁਸੀਂ ਸਵਾਗਤੀ ਭਾਸ਼ਨ ਦੌਰਾਨ ਨਰਿੰਦਰ ਮੋਦੀ ਜੀ ਅੱਗੇ ਇਹ ਮੰਗ ਵੀ ਰੱਖੀ ਸੀ ਕਿ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਐੱਨਡੀਏ ਸਰਕਾਰ ਬਣਨ ਉਪ੍ਰੰਤ ਸਖਤ ਸਜਾਵਾਂ ਦੇ ਕੇ ਸਿੱਖ ਪੀੜਤਾਂ ਨਾਲ ਇਨਸਾਫ ਕੀਤਾ ਜਾਵੇ। ਇਸ ਦੇ ਤੁਰੰਤ ਬਾਅਦ ਸਮਾਪਤੀ ਭਾਸ਼ਨ ਵਿੱਚ ਮੋਦੀ ਵੱਲੋਂ ਤੁਹਾਡੀ ਮੰਗ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਭਾਜਪਾ ਅਕਾਲੀ ਦਲ ਦੀ ਕੋਈ ਵੀ ਮੰਗ ਇੱਥੋਂ ਤੱਕ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ (ਜਿਹੜੇ ਕਿ ਕਾਂਗਰਸੀ ਹੋਣ ਕਰਕੇ ਭਾਜਪਾ ਦੇ ਮੁੱਖ ਸਿਆਸੀ ਵਿਰੋਧੀ ਵੀ ਹਨ) ਨੂੰ ਸਜਾਵਾਂ ਦੇਣ ਵਿੱਚ ਬਿਲਕੁਲ ਹੀ ਗੰਭੀਰ ਨਹੀਂ ਹੈ ਤਾਂ ਦੱਸੋ ਸਾਡੇ ਲਈ ਕਾਂਗਰਸ ਅਤੇ ਭਾਜਪਾ ਵਿੱਚ ਕੀ ਅੰਤਰ ਹੈ?
   ਅਕਾਲੀ ਦਲ ਵੱਲੋਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਕਈ ਮੋਰਚੇ ਵੀ ਲਾਏ ਅਤੇ ਹਮੇਸ਼ਾਂ ਦੋਸ਼ ਲਾਉਂਦੇ ਰਹਿੰਦੇ ਹੋ ਕਿ ਕਾਂਗਰਸ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਅੰਤਰ-ਰਾਜੀ ਤੌਰ ’ਤੇ ਪ੍ਰਵਾਨਤ ਰੀਪੇਰੀਅਨ ਕਾਨੂੰਨ ਨੂੰ ਛਿੱਕੇ ਟੰਗ ਕੇ ਪੰਜਾਬ ਦੇ ਦਰਿਆਈ ਪਾਣੀ ਗੈਰ ਸੰਵਿਧਾਨਕ ਢੰਗ ਨਾਲ ਖੋਹ ਕੇ ਪੰਜਾਬ ਨੂੰ ਕੰਗਾਲ ਕੀਤਾ ਹੈ। ਪਰ ਹੈਰਾਨੀ ਹੈ ਕਿ ਹਰ ਵਾਰ ਸਤਾ ਸੰਭਾਲਣ ਪਿੱਛੋਂ ਤੁਸੀਂ ਇਸ ਮੰਗ ਨੂੰ ਸੰਵਿਧਾਨਕ ਤੌਰ ’ਤੇ ਹੱਲ ਕਰਨ ਲਈ ਕਦੀ ਕੱਖ ਭੰਨ ਕੇ ਦੂਹਰਾ ਨਹੀਂ ਕੀਤਾ। 2004 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਜੁਰ੍ਹਤ ਭਰਿਆ ਫੈਸਲਾ ਲੈਂਦਿਆਂ ‘ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ-2004’ ਵਿਧਾਨ ਸਭਾ ਵਿੱਚ ਪਾਸ ਕਰਕੇ ਪੰਜਾਬ ਦੇ ਹੋਰ ਪਾਣੀਆਂ ਦੀ ਲੁੱਟ ਹੋਣ ਤੋਂ ਬਚਾਇਆ। ਪਰ ਇਸ ਐਕਟ ਵਿੱਚ ਇੱਕ ਮਦ ਇਹ ਰੱਖੀ ਗਈ ਸੀ ਕਿ ਜਿਹੜਾ ਪਾਣੀ ਇਸ ਸਮੇਂ ਰਾਜਸਥਾਨ ਅਤੇ ਹਰਿਆਣਾ ਨੂੰ ਜਾ ਰਿਹਾ ਹੈ ਉਹ ਹਮੇਸ਼ਾਂ ਲਈ ਜਾਂਦਾ ਰਹੇਗਾ। ਸ਼੍ਰੋਮਣੀ ਅਕਾਲੀ ਦਲ ਨੇ 2007 ਦੀਆਂ ਚੋਣਾਂ ਮੌਕੇ ਚੋਣ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ “ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ-2004” ਦੀ ਇਹ ਧਾਰਾ ਵਿਧਾਨ ਸਭਾ ਦੇ ਪਹਿਲੇ ਹੀ ਸ਼ੈਸ਼ਨ ਵਿੱਚ ਖਤਮ ਕਰ ਦਿੱਤੀ ਜਾਵੇਗੀ ਤੇ ਇੱਕ ਵੀ ਬੂੰਦ ਪਾਣੀ ਗੁਆਂਢੀ ਸੂਬਿਆਂ ਨੂੰ ਨਹੀਂ ਦਿੱਤਾ ਜਾਵੇਗਾ। 2007 ਵਿੱਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣੀ; 2012 ਵਿੱਚ ਦੁਬਾਰਾ ਫਿਰ ਬਣੀ ਪਰ 7 ਸਾਲ ਲੰਘ ਜਾਣ ਬਾਅਦ ਵੀ ਤੁਸੀਂ ਆਪਣਾ ਇਹ ਵਾਅਦਾ ਨਹੀਂ ਨਿਭਾਇਆ। ਇੱਥੋਂ ਤੱਕ ਕਿ ਕਦੀ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਗਵਰਨਰ ਦੇ ਭਾਸ਼ਣ ਵਿੱਚ ਵੀ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ। ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਪੱਤਰਕਾਰ ਸੰਮੇਲਨ ਵਿੱਚ ਪੁੱਛੇ ਜਾਣ ’ਤੇ ਉਨ੍ਹਾਂ ਜਵਾਬ ਦਿੱਤਾ ਸੀ ਕਿ ਗਠਜੋੜ ਦੀ ਸਰਕਾਰ ਹੋਣ ਕਰਕੇ ਉਨ੍ਹਾਂ ਦੀ ਭਾਈਵਾਲ ਭਾਜਪਾ ਦੇ ਵਿਰੋਧ ਕਾਰਣ ਉਹ ਇਹ ਬਿੱਲ ਵਿਧਾਨ ਸਭਾ ਵਿੱਚ ਨਹੀਂ ਲਿਆ ਸਕਦੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਭਾਜਪਾ ਦਾ ਵੀ ਪੰਜਾਬ ਦੀਆਂ ਮੰਗਾਂ ਪ੍ਰਤੀ ਉਹੀ ਵਤੀਰਾ ਹੈ ਜਿਹੜਾ ਕਾਂਗਰਸ ਦਾ ਹੈ ਤਾਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਇੰਨੇ ਪੱਬਾਂ ਭਾਰ ਹੋਣ ਵਿੱਚ ਤੁਹਾਡੇ ਕਿਹੜੇ ਨਿੱਜੀ ਸੁਆਰਥਾਂ ਦੀ ਪੂਰਤੀ ਹੋ ਰਹੀ ਜਿਸ ਕਾਰਣ ਪੰਜਾਬ ਅਤੇ ਪੰਥ ਨਾਲ ਗਦਾਰੀ ਕੀਤੀ ਜਾ ਰਹੀ ਹੈ?
     ਨਵੀਂ ਉੱਭਰੀ “ਆਮ ਆਦਮੀ ਪਾਰਟੀ” ਜਿਸ ਨੇ ਬਗੈਰ ਕਿਸੇ ਵੱਡੀ ਸਿੱਖ ਜਥੇਬੰਦੀ ਦੇ ਖੁੱਲ੍ਹੇ ਸਮਰਥਨ ਤੋਂ ਬਿਨਾਂ ਚੋਣਾਂ ਜਿੱਤ ਕੇ ਦਿੱਲੀ ਸਰਕਾਰ ਬਣਦੇ ਸਾਰ ਹੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਪੀੜਤਾਂ ਨੂੰ ਇਨਸਾਫ ਦੇਣ ਲਈ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਲਈ ਦਿੱਲੀ ਦੇ ਲੈਫ: ਗਵਰਨਰ ਨੂੰ ਪੱਤਰ ਲਿਖਿਆ ਜਿਸ ਵਿੱਚ ਇਸ ਟੀਮ ਦਾ ਮੁੱਖੀ ਪੰਜਾਬ ਨਾਲ ਸਬੰਧਤ ਅਫਸਰ ਨੂੰ ਲਾੳਣ ਦੀ ਸਿਫਾਰਸ਼ ਕੀਤੀ।  ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਤੇ ਇਸ ਸਬੰਧੀ ਸੁਪ੍ਰੀਮ ਕੋਰਟ ਵਿੱਚ ਦਿੱਲੀ ਸਰਕਾਰ ਵੱਲੋਂ ਬਿਆਨ ਵੀ ਦਰਜ ਕਰਵਾਏ। ਇਸ ਦੇ ਬਾਵਯੂਦ ਅਕਾਲੀ ਵਿਧਾਇਕਾਂ ਨੇ ਕੇਜਰੀਵਾਲ ਦੀ ਸਰਕਾਰ ਗਿਰਾਉਣ ਲਈ ਕਾਂਗਰਸ, ਭਾਜਪਾ ਦਾ ਸਾਥ ਦਿੱਤਾ। ਗੁਜਰਾਤ ਦੇ ਚੋਣ ਪ੍ਰਚਾਰ ਦੌਰੇ ਦੌਰਾਨ ਬਹੁਗਿਣਤੀ ਦੀਆਂ ਵੋਟਾਂ ਦੀ ਬਿਨਾਂ ਪ੍ਰਵਾਹ ਕੀਤਿਆਂ ਸ਼੍ਰੀ ਅਰਵਿੰਦ ਕੇਜਰੀਵਾਲ ਗੁਜਰਾਤ ਵਿੱਚੋਂ ਉਜਾੜੇ ਜਾ ਰਹੇ ਅਤਿ ਘੱਟ ਗਿਣਤੀ ਸਿੱਖਾਂ ਨੂੰ ਮਿਲਿਆ; ਉਨ੍ਹਾਂ ਦੇ ਦੁੱਖ ਦਰਦ ਸੁਣੇ ਅਤੇ ਉਨ੍ਹਾਂ ਨੂੰ ਇਨਸਾਫ ਦੇਣ ਲਈ ਕੇਸ ਲੜਨ ਦਾ ਭਰੋਸਾ ਦਿੱਤਾ। ਸ਼੍ਰੀ ਕੇਜਰੀਵਾਲ ਦੀ ਹੁਣ ਤੱਕ ਦੀ ਕਾਰਗੁਜਾਰੀ ਨੇ ਆਮ ਸਿੱਖਾਂ ਦਾ ਤਾਂ ਦਿਲ ਜਿੱਤ ਲਿਆ ਹੈ ਪਰ ਇਸ ਦੇ ਬਾਵਯੂਦ ਸਿੱਖਾਂ ਤੇ ਕਿਸਾਨਾਂ ਦੇ ਹਿੱਤਾਂ ਲਈ ਲੜਨ ਦਾ ਦਾਅਵਾ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ “ਆਪ” ਦਾ ਭਾਰੀ ਵਿਰੋਧ ਕਰਦੇ ਹੋਏ ਭਾਜਪਾ ਦਾ ਸਮਰਥਨ ਕਰਨ ਵਿੱਚ ਤੁਹਾਡੇ ਕਿਹੜੇ ਨਿਜੀ ਹਿੱਤਾਂ ਦੀ ਪੂਰਤੀ ਹੁੰਦੀ ਹੈ?
       ਭਾਜਪਾ ਦਾ ਸਮਰਥਨ ਕਰਨ ਲਈ ਤੁਸੀਂ ਮੁੱਖ ਦਲੀਲ ਦੇ ਰਹੇ ਹੋ ਕਿ ਕਾਂਗਰਸ ਦਾ ਭ੍ਰਿਸ਼ਟ ਰਾਜ; ਜਿਸ ਵਿੱਚ ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਨੂੰ ਖਤਮ ਕਰਨ ਲਈ ਭਾਜਪਾ ਨੂੰ ਜਿਤਾ ਕੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ। ਪਰ ਸਾਰੀਆਂ ਪਾਰਟੀਆਂ ਵਿੱਚ ਭ੍ਰਿਸ਼ਟਚਰੀਆਂ ਤੇ ਅਪਰਾਧੀ ਸਾਂਸਦਾਂ ਦੀ ਗਿਣਤੀ ਵੇਖ ਕੇ ਤਾਂ ਲਗਦਾ ਹੈ ਕਿ ਭਾਜਪਾ ਕਾਂਗਰਸ ਨਾਲੋਂ ਵੀ ਮਾੜੀ ਪਾਰਟੀ ਹੈ। ਕਰਨਾਟਕਾ ਦਾ ਸਾਬਕਾ ਮੁੱਖ ਮੰਤਰੀ ਯੈਦੀਯੁਰੱਪਾ, ਅਰੁਣਾਂਚਲ ਪ੍ਰਦੇਸ਼ ਤੋਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਅਪਾਂਗ ਜਿਨ੍ਹਾਂ ’ਤੇ ਵੱਡੇ ਵੱਡੇ ਘਪਲਿਆਂ ਦੇ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ ਅਤੇ ਇਹ ਜੇਲ੍ਹ ਦੀ ਹਾਵਾ ਵੀ ਖਾ ਚੁੱਕੇ ਹਨ; ਇਹ ਅੱਜ ਭਾਜਪਾ ਵਿੱਚ ਹਨ। ਭਰਤੀ ਘੁਟਾਲੇ ਵਿੱਚ ਜੇਲ੍ਹ ਵਿੱਚ ਬੈਠੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਭਾਜਪਾ ਦਾ ਚੋਣ ਸਮਝੌਤਾ ਹੈ। ਆਪਣੇ ਧੁਰ ਵਿਰੋਧੀ; ਭਰਤੀ ਘੁਟਾਲੇ ਤੇ ਭ੍ਰਿਸ਼ਟਾਚਾਰ ਦੇ ਅਰੋਪਾਂ ਵਿੱਚ ਘਿਰੇ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਨਾਲ ਭਾਜਪਾ ਦਾ ਚੋਣ ਸਮਝੌਤਾ ਹੈ। ਚੋਣਾਂ ਤੱਕ ਹੋਰ ਬਹੁਤ ਸਾਰੇ ਭ੍ਰਿਸ਼ਟ ਅਤੇ ਅਪਰਾਧੀ ਕਿਸਮ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਜਾਂ ਗੱਠਜੋੜ ਕਰਨ ਦੀ ਸੰਭਾਵਨਾ ਹੈ। ਭਾਜਪਾ ਦੇ 112 ਵਿੱਚੋਂ 46 ਭਾਵ 41.07% ਸਾਂਸਦਾਂ ’ਤੇ ਕਤਲਾਂ ਸਮੇਤ ਗੰਭੀਰ ਦੋਸ਼ਾਂ ਅਧੀਨ ਮੁਕਦਮੇ ਦਰਜ ਹਨ। ਤੁਹਾਡੇ ਆਪਣੇ ਦਲ ਦਾ ਹਾਲ ਵੀ ਬਹੁਤਾ ਚੰਗਾ ਨਹੀਂ। ਤੁਹਾਡੇ ਅਕਾਲੀ ਦਲ ਦੇ ਕਈ ਵਿਧਾਇਕਾਂ ’ਤੇ ਕੇਸ ਚਲ ਰਹੇ ਹਨ। ਫਰੀਦਕੋਟ ਅਤੇ ਅੰਮ੍ਰਿਤਸਰ ਵਿੱਚ ਯੂਥ ਦਲ ਦੇ ਆਗੂਆਂ ਨੇ ਜੋ ਚੰਦ ਚਾੜ੍ਹਿਆ ਹੈ ਇਹ ਤਾਂ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੇ ਕਾਰੇ ਸਨ। ਜਗਦੀਸ਼ ਭੋਲਾ ਨਸ਼ਾ ਤਸ਼ਕਰੀ ਦੇ ਇੰਟਰਨੈਸ਼ਲ ਰੈਕਟ ਵਿੱਚ ਜੇਲ੍ਹ ਵਿੱਚ ਹੈ ਅਤੇ ਉਹ ਤੁਹਾਡੇ ਪੁੱਤਰ ਸੁਖਬੀਰ ਦੇ ਸਾਲੇ ਬਿਕ੍ਰਮ ਮਜੀਠੀਆ ਦਾ ਨਾਮ ਲੈ ਰਿਹਾ ਹੈ ਕਿ ਇਹ ਸਾਰਾ ਕਾਰੋਬਾਰ ਤਾਂ ਉਸੇ ਦਾ ਹੀ ਹੈ ਉਹ ਤਾਂ ਸਿਰਫ ਪਿਆਦਾ ਹੀ ਹੈ। ਇਸ ਦੇ ਬਾਵਯੂਦ ਬਿਕ੍ਰਮ ਮਜੀਠੀਆ ਤੁਹਾਡੀ ਕੈਬਨਿਟ ਵਿੱਚ ਤੁਹਾਡੇ ਪਿਉ ਪੁੱਤਰਾਂ ਤੋਂ ਬਾਅਦ ਤੀਜੇ ਨੰਬਰ ਦਾ ਮਹੱਤਵਪੂਰਨ ਮੰਤਰੀ ਹੈ। ਕਾਂਗਰਸ ਵਿੱਚੋਂ ਵੀ ਜਿਨ੍ਹਾਂ ਵਿਧਾਇਕਾਂ ’ਤੇ ਅਪਰਾਧਕ ਕਿਸਮ ਦੇ ਕੇਸ ਦਰਜ ਹਨ ਉਹ ਕੇਸਾਂ ਵਿੱਚੋਂ ਖਹਿੜਾ ਛੁਡਵਾਉਣ ਲਈ ਇੱਕ ਇੱਕ ਕਰਕੇ ਤੁਹਾਡੇ ਦਲ ਵਿੱਚ ਆ ਰਹੇ ਹਨ। ਸ਼੍ਰੀ ਕੇਜਰੀਵਾਲ ਨੇ ਮੋਦੀ ਨੂੰ ਪੱਤਰ ਲਿਖਿਆ ਹੈ ਕਿ “ਜੇ ਉਹ ਪ੍ਰਧਾਨ ਮੰਤਰੀ ਬਣ ਗਏ ਤਾਂ ਦੱਸਣ ਕਿ ਯੂਪੀਏ ਸਰਕਾਰ ਵੱਲੋਂ ਗੈਸ ਦੇ 1 ਅਪ੍ਰੈਲ ਤੋਂ ਵਧਾਏ ਜਾ ਰਹੇ ਰੇਟ ਘਟਾਉਣਗੇ ਜਾਂ ਇੰਨੇ ਹੀ ਰੱਖਣਗੇ? ਜਾਂ ਉਸ ਵੱਲੋਂ ਚੋਣ ਰੈਲੀਆਂ ਤੇ ਹਵਾਈ ਜਹਾਜਾਂ ਦਾ ਖਰਚਾ ਦਿੱਤੇ ਜਾਣ ਦੇ ਅਹਿਸਾਨ ਚੁਕਾਉਣ ਲਈ ਕਾਂਗਰਸ ਵੱਲੋਂ ਵਧਾਏ 8 ਡਾਲਰ ਨੂੰ ਵੀ ਵਧਾ ਕੇ 16 ਡਾਲਰ ਕਰਨਗੇ। ਜੇ ਤੁਸੀਂ ਵੀ ਗੈਸ ਦੇ ਰੇਟ ਵਧਾਉਂਗੇ ਤਾਂ ਟਰਾਂਸਪੋਰਟ, ਖਾਦਾਂ, ਬਿਜਲੀ ਮਹਿੰਗੀ ਹੋਣ ਕਰਕੇ ਮਹਿੰਗਾਈ ਸਿਖਰਾਂ ਨੂੰ ਛੂਅ ਜਾਵੇਗੀ ਜਿਸ ਨਾਲ ਆਮ ਇਨਸਾਨ ਦਾ ਮਹਿੰਗਾਈ ਨਾਲ ਲੱਕ ਟੁੱਟ ਜਾਵੇਗਾ।” ਭ੍ਰਿਸ਼ਟਚਾਰ ਅਤੇ ਮਹਿੰਗਾਈ ਦਾ ਦਮ ਭਰਨ ਵਾਲੇ ਮੋਦੀ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਦੱਸੋ ਉਹ ਮਹਿੰਗਾਈ ਤੇ ਭ੍ਰਿਸ਼ਟਾਚਾਰ ਕਿਸ ਤਰ੍ਹਾਂ ਖਤਮ ਕਰੇਗਾ??
       ਹੋਰਨਾਂ ਸੂਬਿਆਂ ਵਿੱਚ ਤਾਂ ਬਾਕੀ ਦੀਆਂ ਖਾਣ ਪੀਣ ਵਾਲੀਆਂ ਤੇ ਹੋਰ ਜਰੂਰੀ ਵਸਤਾਂ ਹੀ ਮਹਿੰਗੀਆਂ ਹਨ ਪਰ ਪੰਜਾਬ ਵਿੱਚ ਤਾਂ ਉਸਾਰੀ ਲਈ ਵਰਤੇ ਜਾ ਰਹੇ ਰੇਤੇ ਦੀਆਂ ਕੀਮਤਾਂ ਹੀ ਅਸਮਾਨ ਨੂੰ ਛੂਅ ਰਹੀਆਂ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਸਿਖਿਆ ਦਾ ਇਤਨਾ ਭੈੜਾ ਹਾਲ ਹੈ ਕਿ ਤੁਹਾਡੇ ਸਮੇਤ ਕੋਈ ਵੀ ਆਪਣੇ ਪੁੱਤਰ ਪੋਤੇ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣਾ ਨਹੀਂ ਚਾਹੁੰਦਾ। ਸਿੱਟੇ ਵਜੋਂ ਪ੍ਰਾਈਵੇਟ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਦੁਕਾਨਾਂ ਦੀ ਤਰ੍ਹਾਂ ਖੁਲ੍ਹ ਰਹੀਆਂ ਹਨ ਜਿੱਥੇ ਇਹ ਸਿੱਖਿਆ ਦੇ ਨਾਮ ’ਤੇ ਵੱਡੀ ਪੱਧਰ ’ਤੇ ਲੁੱਟ ਕਰ ਰਹੇ। ਇੰਨੇ ਵੱਡੇ ਖਰਚੇ ਕਰਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਬੇਰੁਜ਼ਗਾਰ ਲੜਕੇ ਲੜਕੀਆਂ ਹਰ ਰੋਜ ਤੁਹਾਡੇ ਸੰਗਤ ਦਰਸ਼ਨਾਂ ਵਿੱਚ ਰੁਜ਼ਗਾਰ ਦੀ ਮੰਗ ਕਰਨ ਆਏ ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ। ਪੰਜਾਬ ਦੇ ਕਿਸਾਨ ਜਿਹੜੇ ਦੇਸ਼ ਭਰ ਵਿੱਚੋਂ ਸਭ ਤੋਂ ਖੁਸ਼ਹਾਲ ਮੰਨੇ ਜਾਂਦੇ ਸਨ ਅੱਜ ਖੁਦਕਸ਼ੀਆਂ ਕਰ ਰਹੇ ਹਨ। ਪੜ੍ਹੇ ਲਿਖੇ ਬੇਰੁਜ਼ਗਾਰਾਂ ਅਤੇ ਖੁਦਕਸ਼ੀਆਂ ਕਰ ਰਹੇ ਕਿਸਾਨਾਂ ਦੀ ਕੋਈ ਮੱਦਦ ਕਰਨ ਦੀ ਬਜਾਏ ਤੁਸੀਂ ਕਬੱਡੀ ਦੇ ਟੂਰਨਾਮੈਂਟਾਂ ਵਿੱਚ 15-15 ਮਿੰਟਾਂ ਦੀ ਪਰਫਾਰਮੈਂਨਸ ਲਈ 6-6 ਕਰੋੜ ਰੁਪਏ ਦੇ ਰਹੇ ਹੋ ਤਾਂ ਇਹ ਕਿਹੜੇ ਵਿਕਾਸ ਦਾ ਮਾਡਲ ਹੈ?
ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾ ਰਹੀ ਹੈ। ਗੁਰਬਾਣੀ ਵਿੱਚ ਸ਼ਰਾਬ ਪੀਣ ਦੀ ਮਨਾਹੀ ਕਰਦਿਆਂ ਫੁਰਮਾਨ ਹੈ:
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ
ਨਾਨਕ ਨਦਰੀ ਸਚੁ ਮਦੁ ਪਾਈਐ; ਸਤਿਗੁਰੁ ਮਿਲੈ ਜਿਸੁ ਆਇ
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥’ (ਗੁ:ਗ੍ਰੰ:ਸਾ: ਪੰਨਾ 554)  ਅਤੇ
‘ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ
ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥1॥’ (ਗੁ:ਗ੍ਰੰ:ਸਾ: -ਪੰਨਾ 1001)।
ਗੁਰਬਾਣੀ ਦੇ ਇਸ ਆਸ਼ੇ ਨੂੰ ਮੁੱਖ ਰੱਖ ਕੇ ਅਕਾਲੀ ਦਲ ਨੇ ਬਹੁਤ ਵਾਰੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਖਾਸ ਤੌਰ ’ਤੇ ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਘੋਸ਼ਿਤ ਕਰਕੇ ਸ਼ਰਾਬ ਦੇ ਠੇਕੇ ਤੁਰੰਤ ਬੰਦ ਕਰਨ ਦੀ ਮੰਗ ਰੱਖੀ ਸੀ ਪਰ ਅੱਜ ਤੁਹਾਡੀ ਸਰਕਾਰ ਨੇ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਠੇਕੇ ਖੋਲ੍ਹ ਦਿੱਤੇ ਹਨ। ਸ਼ਰਾਬ ਦੀ ਖਪਤ ਵਿੱਚ ਪੰਜਾਬ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਜੋ ਗੈਰਕਨੂੰਨੀ ਢੰਗ ਨਾਲ ਸ਼ਰਾਬ ਨਿਕਲ ਰਹੀ ਹੈ, ਸਿੰਥੈਟਿਕ ਨਸ਼ਿਆਂ ਸਮੇਤ ਹੋਰ ਕਈ ਤਰ੍ਹਾਂ ਨਸ਼ਿਆਂ ਦੀ ਤਸ਼ਕਰੀ ਪੰਜਾਬ ਵਿੱਚ ਹੋ ਰਹੀ ਹੈ ਇਸ ਦਾ ਵਿਸਥਾਰ ਸਹਿਤ ਖੁਲਾਸਾ ਸਾਬਕਾ ਡੀਜੀਪੀ ਸ਼੍ਰੀ ਸ਼ਸ਼ੀ ਕਾਂਤ ਜੀ ਕਈ ਵਾਰ ਕਰ ਚੁੱਕੇ ਹਨ ਅਤੇ ਦੱਸ ਚੁੱਕੇ ਹਨ ਕਿ ਨਸ਼ਾ ਤਸ਼ਕਰਾਂ ’ਤੇ ਕਾਰਵਾਈ ਇਸ ਕਾਰਣ ਨਹੀਂ ਹੋ ਰਹੀ ਕਿਉਂਕਿ ਪੰਜਾਬ ਦੇ ਕਈ ਮੰਤਰੀ ਤੇ ਉਚ ਅਧਿਕਾਰੀ ਇਸ ਰੈਕਟ ਵਿੱਚ ਸ਼ਾਮਲ ਹਨ। ਬਹੁਤ ਸਾਰੀਆਂ ਰੀਪੋਰਟਾਂ ਦੱਸ ਰਹੀਆਂ ਹਨ ਕਿ ਪੰਜਾਬ ਦੇ 80% ਨੌਜਵਾਨ ਨਸ਼ੇੜੀ ਹੋ ਕੇ ਆਪਣਾ ਤੇ ਆਪਣੇ ਬਜੁਰਗ ਮਾਤਾ ਪਿਤਾ ਦਾ ਜੀਵਨ ਖਰਾਬ ਕਰ ਰਹੇ ਹਨ। ਤੁਹਾਡਾ ਆਮ ਤੌਰ ’ਤੇ ਜਵਾਬ ਹੁੰਦਾ ਹੈ ਕਿ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਪਾਕਿਸਤਾਨ ਰਾਹੀਂ ਨਸ਼ਿਆਂ ਦੀ ਤਸ਼ਕਰੀ ਹੋ ਰਹੀ ਹੈ ਜਿਸ ਨੂੰ ਰੋਕਣਾ ਬਾਰਡਰ ਸਕਿਉਰਟੀ ਤੇ ਕੇਂਦਰ ਸਰਕਾਰ ਦਾ ਕੰਮ ਹੈ। ਪਰ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਆਦਿਕ ਵੀ ਤਾਂ ਬਾਰਡਰ ਸਟੇਟਾਂ ਹਨ ਉਨ੍ਹਾਂ ਦੇ ਮੁਕਾਬਲੇ ਪੰਜਾਬ ਵਿੱਚ ਹੀ ਨਸ਼ਿਆਂ ਦੀ ਤਸ਼ਕਰੀ ਇੰਨੀ ਵੱਧ ਕਿਉਂ ਹੈ?
   ਉਪ੍ਰੋਕਤ ਸਾਰੇ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਦੇ ਕੇ ਦੱਸਿਆ ਜਾਵੇ ਕਿ ਕਿਉਂ ਨਾ ਭਾਜਪਾ ਦੇ ਮੁਕਾਬਲੇ “ਆਪ” ਦਾ ਸਮਰਥਨ ਕਰਕੇ ਭ੍ਰਿਸ਼ਟਾਚਾਰ ਮੁਕਤ ਅਤੇ ਇਨਸਾਫ ਦੇਣ ਵਾਲੇ ਕਾਨੂੰਨ ਦਾ ਰਾਜ ਸਥਾਪਤ ਕਰਨ ਵਿੱਚ ਸਹਾਈ ਹੋਇਆ ਜਾਵੇ। ਕਿਉਂਕਿ “ਆਪ” ਇੱਕ ਨਵੀਂ ਪਾਰਟੀ ਹੋਣ ਕਰਕੇ ਪੁਰਾਣੀਆਂ ਪਾਰਟੀਆਂ ਵਾਂਗ ਇਸ ਵਿੱਚ ਕੋਈ ਵੀ ਅਪਰਾਧਿਕ ਕਿਸਮ ਦਾ ਮੈਂਬਰ ਨਹੀਂ ਅਤੇ ਟਿਕਟਾਂ ਦੇਣ ਸਮੇਂ ਇਸ ਨੇ ਜੋ ਨੀਤੀ ਅਪਣਾਈ ਹੈ ਉਸ ਅਨੁਸਾਰ ਕੋਈ ਵੀ ਆਚਰਨਹੀਨਤਾ, ਭ੍ਰਿਸ਼ਟਾਚਾਰ ਅਤੇ ਅਪਰਾਧਿਕ ਕਿਸਮ ਦੇ ਦੋਸ਼ਾਂ ਵਾਲਾ ਵਿਅਕਤੀ ਟਿਕਟ ਹਾਸਲ ਨਹੀਂ ਕਰ ਸਕਦਾ।
ਕਿਰਪਾਲ ਸਿੰਘ ਬਠਿੰਡਾ
ਮੋਬ: 9855480797


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.