ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕੌਮ ਬਹੁਤੀ ਸਿਆਣੀ ਹੋ ਗਈ ਹੈ , ਮੇਰੇ ਵੀਰੋ !
ਕੌਮ ਬਹੁਤੀ ਸਿਆਣੀ ਹੋ ਗਈ ਹੈ , ਮੇਰੇ ਵੀਰੋ !
Page Visitors: 2601

 

                                        ਕੌਮ ਬਹੁਤੀ ਸਿਆਣੀ ਹੋ ਗਈ ਹੈ , ਮੇਰੇ ਵੀਰੋ !

     ਅਜ ਦਿੱਲੀ ਚੌਣਾਂ ਦੇ ਨਤੀਜਿਆਂ ਨੇ ਪੰਥ ਦਰਦੀਆਂ ਅਤੇ ਦੂਰ ਅੰਦੇਸ਼ੀ ਸਿੱਖਾਂ ਦੇ ਮਨਾਂ ਨੂੰ ਵਲੂੰਧਰ ਕੇ ਰੱਖ ਦਿਤਾ ਹੈ, ਕਈਆਂ ਵੀਰਾਂ ਦੇ ਫੋਨ ਆਏ , ਲੇਕਿਨ ਕੋਈ ਵੀ , ਕੁਝ ਵੀ ਕਹਿਣ ਦੀ ਹਾਲਤ ਵਿੱਚ  ਨਹੀ ਸੀ। ਸਿਰਫ ਹੈਰਾਨਗੀ ਅਤੇ ਅਫਸੋਸ ਹੀ ਉਨਾਂ ਦੀਆਂ ਗੱਲਾਂ ਵਿੱਚ ਝਲਕ ਰਿਹਾ ਸੀ। ਨਤੀਜਿਆਂ ਤੇ ਮੈਨੂੰ ਦੁਖ ਜਰੂਰ ਸੀ ,ਲੇਕਿਨ ਹੈਰਾਨਗੀ ਨਹੀ ਸੀ । ਜੋ ਹਾਲਾਤ ਅਜ ਕੌਮ ਦੇ ਬਣ ਚੁਕੇ ਹਨ ਅਤੇ ਕੌਮ ਦੀ ਸੋਚ ਜਿਸ ਪੜਾਂਅ ਤੇ ਪੁੱਜ ਚੁਕੀ ਹੈ ਉਸ ਵਿੱਚ ਤਾਂ ਇਹ ਸਭ ਹੋਣਾਂ ਹੀ ਸੀ।
ਇਸ ਬਾਰੇ ਸੋਚਦਿਆਂ ਸੋਚਦਿਆਂ ਮੈਨੂੰ  ਅਪਣੇ ਪੁਰਾਣੇ ਬਚਪਨ ਦੇ ਪਿੰਡ ਨੁਮਾਂ ਮੁਹੱਲੇ ਵਿੱਚ ਲਗਣ ਵਾਲੇ ਬਜਾਰ ਦੀ ਯਾਦ ਆ ਰਹੀ ਸੀ। ਇਹ ਬਜਾਰ ਐਤਵਾਰ ਦੇ ਐਤਵਾਰ ਲਗਦਾ ਹੂੰਦਾ ਸੀ ਅਤੇ ਉਥੇ ਦੂਰ ਦਰਾਡੇ ਤੋਂ ਬਹੁਤ ਸਾਰੇ  ਲੋਕੀ ਚੀਜਾਂ ਵੇਚਣ ਲਈ ਆਂਉਦੇ ਸੀ। ਕਿਸੇ ਹਾਟ ਵਾਲੇ ਮੇਲੇ ਦਾ ਨਜਾਰਾ ਬਣ ਜਾਂਦਾ ਸੀ। ਇਸ ਬਜਾਰ ਵਿੱਚ ਕੁਝ ਮਦਾਰੀ , ਦੇਸੀ ਜੜੀ ਬੂਟੀਆਂ ਵੇਚਣ ਵਾਲੇ, ਜਿੰਦਰਿਆਂ  ਦੀਆਂ ਚਾਬੀਆਂ ਬਨਾਉਣ ਵਾਲੇ ,ਚਾਕੂ ਛੁਰੀਆਂ ਤੇਜ ਕਰਣ ਵਾਲੇ , ਤੋਤੇ ,ਕਬੂਤਰ ਅਤੇ ਚਿੜੀਆਂ ਵੇਚਣ ਵਾਲੇ, ਹੱਥਾਂ ਤੇ ਟੈਟੂ ਬਨਾਉਣ ਵਾਲੇ  ਆਦਿਕ ਵੀ ਆਂਉਦੇ ਸਨ।
ਉਨਾਂ ਵਿੱਚ ਇਕ ਦੰਦਾਂ ਦਾ ਮੰਜਨ ਵੇਚਣ ਵਾਲਾ ਮਦਾਰੀ ਵੀ ਆਂਉਦਾ ਸੀ , ਜਿਸ ਨਾਲ ਦੋ ਬੱਚੇ ਵੀ ਹੂੰਦੇ ਸੀ । ਉਹ ਮੰਜਨ ਵੇਚਣ ਵਾਲਾ ਪਹਿਲਾਂ ਡਮਰੂ ਵਜਾਂਦਾ ਅਤੇ ਉਸ ਦੇ ਨਾਲ ਵਾਲਾ ਇਕ ਬੱਚਾ ਕੁਝ ਕਰਤਬ ਕਰਦਾ ਅਤੇ ਦੂਜਾ ਬੱਚਾ ਇਕ ਡੋਂਗੀ ਵਜਾਂਦਾ ।ਕੁਝ ਦੇਰ ਬਾਦ ਉਥੇ ਤਮਾਸ਼ਾ ਵੇਖਣ ਲਈ ਕੁਝ ਬੱਚੇ ਇੱਕਠੇ ਹੋ ਜਾਂਦੇ ਸਨ ਜਿਨਾਂ ਵਿੱਚ ਕਈ ਵਾਰ ਅਸੀ ਵੀ ਹੂੰਦੇ ਸੀ। ਹੌਲੀ ਹੌਲੀ ਸਿਆਣਿਆਂ ਦਾ ਵੀ  ਮਜਮਾਂ ਲੱਗ ਜਾਂਦਾ , ਅਤੇ ਜਦੋ ਤਮਾਸ਼ਾ ਵੇਖਣ ਵਾਲੇ ਕਾਫੀ ਇਕੱਠੇ ਹੋ ਜਾਂਦੇ ਤੇ ਉਹ ਅਪਣਾਂ ਮੰਜਨ ਕਡ੍ਹ ਕੇ ਪਹਿਲਾਂ ਲੋਕਾਂ ਨੂੰ ਮੁਫਤ ਵੰਡਦਾ ਅਤੇ ਫਿਰ ਉਸ ਦੀਆਂ ਸ਼ੀਸ਼ੀਆਂ ਵੇਚਦਾ। ਉਸ ਦੇ ਡਮਰੂ ਵਜਾਉਣ ਅਤੇ ਤਮਾਸ਼ਾ ਵਖਾਂਉਣ ਦਾ ਮੁੱਖ ਮਕਸਦ ਤਾਂ ਭੀੜ ਇਕੱਠੀ ਕਰਨਾਂ ਹੂੰਦਾ ਸੀ, ਜਿਨਾਂ ਨੂੰ ਉਹ ਅਪਣਾਂ ਬਣਾਇਆ ਮੰਜਨ ਵੇਚ ਸਕੇ।ਉਸ ਦਾ ਮੰਜਨ ਵਾਕਈ ਬਹੁਤ ਵਧੀਆ ਹੂੰਦਾ ਸੀ। 

ਇਸ ਗਲ ਨੂੰ ਘਟੋ ਘੱਟ  ਚਾਲੀਹ ਪੰਤਾਲੀ੍ ਵਰ੍ਹੇ ਹੋ ਚੁਕੇ ਸਨ ।  ਇਕ ਦਿਨ ਉਹ ਹੀ ਮੰਜਨ ਵਾਲਾ ਮਦਾਰੀ ਮੈਨੂੰ ਅਪਣੇ ਨਵੇਂ ਘਰ ਦੇ ਨਾਲ ਵਾਲੇ ਬਜਾਰ ਵਿੱਚ ਪਲਾਸਟਿਕ ਦੀਆਂ ਨਵੀਆਂ ਚਪਲਾਂ ਦੀ ਫੜੀ ਲਾਈ ਬੈਠਾ ਦਿਖਿਆ । ਪਹਿਲਾਂ ਤਾਂ ਮੈਨੂੰ ਲਗਾ ਕਿ ਇਸ ਬੰਦੇ ਨੂੰ ਮੈਂ ਕਿਤੇ ਵੇਖਿਆ ਹੋਇਆ ਹੈ,  ਫਿਰ ਮੈਨੂੰ ਯਾਦ ਆ ਗਇਆ ਕਿ ਇਹ ਤਾਂ ਉਹ ਹੀ ਮੰਜਨ ਵੇਚਣ ਵਾਲਾ ਮਦਾਰੀ ਹੀ ਹੈ। ਮੇਰੇ ਕੋਲੋਂ ਰਹਿਆ ਨਾਂ ਗਇਆ ਤਾਂ ਮੈਂ ਉਸ ਬਜੁਰਗ ਕੋਲੋਂ ਜਾ ਪੁਛਿਆ ਕਿ "ਭਾਈ ਤੂੰ ਤਾਂ ਬਹੁਤ ਵਰ੍ਹੇ ਪਹਿਲਾਂ ਸ਼ੀਸ਼ਾਮਉ ਬਜਾਰ ਵਿੱਚ ਮੰਜਨ ਵੇਚਦਾ ਸੀ , ਹੁਣ ਨਹੀ ਵੇਚਦਾ ?  ਪਹਿਲਾਂ ਤਾਂ ਉਹ ਹੈਰਾਨ ਹੋ ਕੇ ਮੇਰਾ ਮੂਹ ਵੇਖਣ ਲਗ ਪਿਆ ,ਫਿਰ ਬੋਲਿਆ  ਤੁਸੀ ਮੈਨੂੰ ਕਿਵੇਂ ਜਾਣਦੇ ਹੋ ? ਮੈ ਆਖਿਆ ਕਿ ਮੈਂ  ਸੀਸਾਮਉ ਦੇ ਬਜਾਰ ਕੋਲ ਹੀ ਬਚਪਨ ਵਿੱਚ ਰਹਿੰਦਾ ਸੀ ਅਤੇ ਅਸੀ ਛੋਟੇ ਹੂੰਦਿਆਂ ਤੇਰਾ ਮਜਮਾ ਵੇਖਦੇ ਹੂੰਦੇ ਸੀ , ਮੈ ਤੈਨੂੰ ਪਛਾਣ ਲਿਆ ਹੈ ।
ਉਹ ਫੜੀ ਤੋਂ ਖੜਾ ਹੋ ਕੇ ਬਹੁਤ ਹੀ ਪਿਆਰ ਅਤੇ ਦੁਖੀ ਹਿਰਦੇ ਨਾਲ ਕਹਿਣ  ਲੱਗਾ . ....."ਸਰਦਾਰ ਸਾਹਿਬ ਮੇਰਾ ਮੰਜਨ ਵੀ ਬਹੁਤ ਵਧੀਆ ਸੀ , ਮੇਰੇ ਦਾਦੇ ਦਾ ਬਣਾਇਆ ਹੋਇਆ ਅਚੂਕ ਨੁਕਸਾ ਸੀ ,ਜਿਸ ਵਿਚ ਫਟਕਰੀ, ਲੂਣ , ਸੁਹਾਗਾ ਅਤੇ ਲੌਗ ਆਦਿਕ ਬਹੁਤ ਕੁਝ ਪਇਆ ਹੂੰਦਾ ਸੀ, ਦੰਦ ਦੇ ਨਾਲ ਨਾਲ ਮਸੂੜੇ ਅਤੇ ਮੂ੍ਹ ਦੇ ਛਾਲਿਆਂ ਤੇ ਵੀ ਬਹੁਤ ਗੁਣਕਾਰੀ ਹੂੰਦਾ ਸੀ । ਮੇਰੇ ਕੋਲੋਂ ਬਹੁਤ ਦੂਰੋਂ ਦੂਰੋਂ ਲੋਕੀ, ਮੇਰੇ ਘਰ ਆ ਕੇ ਵੀ ਉਹ ਮੰਜਨ ਲੈ ਜਾਂਦੇ ਸਨ। ਇਕ ਹੌਕਾ ਭਰਦਿਆ ਉਹ ਬੋਲਿਆ, "........ਲੇਕਿਨ ਸਰਦਾਰ ਸਾਹਿਬ, ਅਜ ਲੋਕੀ ਬਹੁਤ ਸਿਆਣੇ ਹੋ ਗਏ ਹਨ, ਪੜ੍ਹੇ ਲਿਖੇ ਹੋ ਗਏ ਹਣ , ਹੁਣ ਸਾਡੇ ਕੋਲ ਖੜੈ ਹੂੰਦਿਆਂ ਵੀ ਉਨਾਂ ਨੂੰ ਸ਼ਰਮ ਆਉਦੀ ਹੈ,  ਮੰਜਨ ਕਿਸਨੇ ਖਰੀਦਨਾਂ ਹੈ ? ਉਹ ਟੀ. ਵੀ. ਵਾਲੇ ਏਡ ਵੇਖ ਕੇ ਸੌ ਸੌ ਰੁਪਈਏ ਦੀ ਟੂਥ ਪੇਸਟ ਤਾਂ ਖਰੀਦ ਲੈਂਦੇ ਹਨ , ਉਹ ਗੁਣਕਾਰੀ ਮੰਜਨ ਨਹੀ ਖਰੀਦ ਦੇ ।ਅੱਜ ਗੁਣਾਂ ਦਾ ਨਹੀ ਵਿਖਾਵੇ ਦਾ ਯੁਗ ਹੈ, ਸਰਦਾਰ ਸਾਹਿਬ । ਜੋ ਬਹੁਤਾ ਦਿਖਾਵਾ ਕਰ ਸਕਦਾ ਹੈ ਉਸ ਦਾ ਹੀ ਮਾਲ ਵਿਕਦਾ ਹੈ (ਸ਼ਾਇਦ ਉਸ ਦਾ ਮਤਲਬ ਮਾਰਕੇਟਿੰਗ ਦੇ ਫੰਡਿਆਂ ਨਾਲ ਸੀ , ਜੋ ਉਹ ਕਹਿ ਨਹੀ ਸੀ ਪਾ ਰਿਹਾ ) ਕਈ ਵਾਰੀ ਤਾਂ ਅਸੀ ਸਾਰਾ ਸਾਰਾ ਦਿਨ ਡਮਰੂ ਅਤੇ ਡੁੱਗੀ ਪਿਟਦੇ ਰਹਿੰਦੇ ਸਾਡੇ ਕੋਲ ਕੋਈ ਖੜਾ ਵੀ ਨਾਂ ਹੂੰਦਾ। ਇਸ ਕਰਕੇ ਸਰਦਾਰ ਸਾਹਿਬ ਉਹ ਮੰਜਨ ਵੇਚਨਾਂ ਛੱਡ ਦਿਤਾ । ਬੁਡੇਪਾ ਆ ਗਇਆ ,ਇਹ ਚਪਲਾਂ ਦੀ ਫੜੀ ਲਾ ਕੇ ਅਪਣਾਂ ਢਿੱਡ ਪਾਲ ਰਿਹਾ ਹਾਂ ਅਤੇ ਟਾਈਮ ਪੂਰਾ ਕਰ ਰਿਹਾ ਹਾਂ।

ਇਹ ਵਾਕਿਆ ਅੱਜ ਮੈਨੂੰ ਇਸ ਲਈ ਯਾਦ ਆ ਗਇਆ ਕਿ ਉਸ ਮੰਜਨ ਵੇਚਣ ਵਾਲੇ ਮਦਾਰੀ ਵਿੱਚ ਮੈਨੂੰ ਇਕ ਪੰਥ ਦਰਦੀ ਲਿਖਾਰੀ ਦਾ ਅਕਸ ਨਜਰ ਆ ਰਿਹਾ ਸੀ।ਪੰਥ ਦਰਦੀ ਭਾਵੇ ਅੱਜ ਜਿਨਾਂ ਮਰਜੀ ਡਮਰੂ ਪਏ ਵਜਾਣ ,ਜਿਨੀ ਮਰਜੀ ਡੋੰਗੀ ਪਿੱਟੀ ਜਾਂਣ, ਉਨਾਂ ਦਾ ਡਮਰੂ ਅਤੇ ਡੋਂਗੀ ਦੀ ਅਵਾਜ ਦਾ, ਕੌਮ ਦੇ ਲੋਕਾਂ ਤੇ ਕੋਈ ਅਸਰ ਨਹੀ ਹੂੰਦਾ , ਕਿਉਕਿ "ਅੱਜ ਕੌਮ ਦੇ ਲੋਕੀ ਬਹੁਤ ਸਿਆਣੇ ਹੋ ਚੁਕੇ  ਹਨ, ਪੜ੍ਹ ਲਿਖ ਗਏ ਹਨ" । ਉਨਾਂ ਨੂੰ ਉਹ ਹੀ ਗੁਣਕਾਰੀ ਲਗਦਾ ਹੈ ਜੋ ਟੀ, ਵੀ.ਦੇ ਝੂਠੇ ਪ੍ਰਚਾਰ  ਵਿੱਚ ਵਖਾਇਆ ਜਾਂਦਾ ਹੈ।
ਵੀਰੋ ! ਸਾਡੀ ਵੀ ਹਾਲਤ ਸ਼ਾਇਦ ਉਸ ਮੰਜਨ ਵੇਚਣ ਵਾਲੇ ਮਦਾਰੀ ਵਰਗੀ ਹੋ ਚੁਕੀ ਹੈ। ਦਿਨ ਰਾਤ ਇਕ ਕਰਕੇ ਕੌਮ ਨੂੰ ਡੋੰਗੀ ਪਿੱਟ ਪਿੱਟ ਕੇ ਇਹ ਹੀ ਦਸਣ ਦੀ ਕੋਸ਼ਿਸ਼ ਕਰਦੇ ਰਹੇ ਕਿ ਸ਼ਾਇਦ ਕੌਮ ਨੂੰ  ਗੁਣ ਕਾਰੀਆਂ ਅਤੇ ਫਰੇਬੀਆਂ ਦੀ ਪਛਾਣ ਕਰਾ ਸਕੀਏ।ਲੇਕਿਨ ਇਹ ਸਭ ਕੁਝ ਕਿਸੇ ਕਮ ਨਾਂ ਆਇਆ । ਸ਼ਾਇਦ ਹੁਣ ਉਸ ਮਦਾਰੀ ਵਾਂਗ ਅਸੀ ਵੀ ਅਪਣਾ ਰਾਹ ਬਦਲ ਲਈਏ, ਕਿਉਕਿ ਜਿਨਾਂ ਲਈ ਅਸੀ ਡੋਂਗੀ ਪਿੱਟ ਰਹੇ ਹਾਂ , ਉਹ ਹੀ ਸੁਨਣਾਂ ਨਹੀ ਚਾਉਦੇ ਤਾਂ ਅਸੀ ਕਦੋ ਤਕ ਇਹ ਕੰਮ ਕਰਦੇ ਰਹਿਣਾਂ ਹੈ। ਲੇਕਿਨ ਇਹ ਗਲ ਇਹ ਵੀ ਸੱਚ ਹੈ ਕਿ ਦਿੱਲੀ ਦੇ ਲੁੱਟੇ ਜਾਂਣ ਦਾ ਖਮਿਆਜਾ ਸਰਨਿਆਂ ਨੂੰ ਨਹੀ ਬਲਕਿ ਕੌਮ ਨੂੰ ਸਦੀਆਂ ਤਕ ਭੁਗਤਣਾਂ ਪੈਣਾਂ ਹੈ , ਜੇ ਕੌਮ ਬਚੀ ਰਹੀ ਤਾਂ, ਉਹ ਸਦੀਆਂ ਤਕ ਇਸ ਦਿੱਲੀ ਵਾਲੀ ਚੌਣ ਨੂੰ ਯਾਦ ਕਰਿਆ ਕਰੇਗੀ ਅਤੇ  ਇਹ ਹੀ ਕਹਿਆ ਕਰੇਗੀ ਗੀ ਕਿ

ਲਮਹੋਂ ਨੇ ਖਤਾ ਕੀ , ਸਦੀਉਂ ਨੇ ਸਜਾ ਪਾਈ।

ਇੰਦਰ ਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.