ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
" ਮੂਰਖ ਵਿਦਵਾਨ" ਸਾਸ਼ਕ , ਮੁਹੱਮਦ ਬਿਨ ਤੁਗਲਕ
" ਮੂਰਖ ਵਿਦਵਾਨ" ਸਾਸ਼ਕ , ਮੁਹੱਮਦ ਬਿਨ ਤੁਗਲਕ
Page Visitors: 2658

  " ਮੂਰਖ ਵਿਦਵਾਨ" ਸਾਸ਼ਕ , ਮੁਹੱਮਦ ਬਿਨ ਤੁਗਲਕ  

ਦਿੱਲੀ ਦੇ ਤਖਤ ਤੇ ਤੁਰਕਿਸਤਾਨੀ ਸਾਸ਼ਕ ਮੁਹੱਮਦ ਬਿਨ ਤੁਗਲਕ  ( 1325 ਤੋਂ  1351 ) ਨੇ ਕੁਝ ਵਰ੍ਹਿਆ ਤਕ ਰਾਜ ਕੀਤਾ । ਉਹ ਬਹੁਤ ਵੱਡਾ ਵਿਦਵਾਨ, ਲਿਖਾਰੀ ਅਤੇ ਦਾਰਸ਼ਨਿਕ ਵੀ ਸੀ। ਜੀਵ ਵਿਗਿਆਨ, ਖਗੋਲ ਸ਼ਾਸ਼ਤਰ, ਗਣਿਤ, ਤਰਕ ਸ਼ਾਸ਼ਤਰ ਅਤੇ ਭੌਤਿਕ ਵਿਗਿਆਨ ਤੇ ਉਸਨੇ ਬਹੁਤ ਅਧਿਐਨ ਕੀਤਾ ਸੀ। ਇਸ ਦੇ ਬਾਵਜੂਦ ਉਸ ਨੇ ਅਪਣੇ ਰਾਜ ਕਾਜ ਨੂੰ ਚਲਾਉਣ ਵੇਲੇ ਕੁਝ ਅਜੇਹੀਆਂ ਬੇਵਕੂਫੀਆਂ ਕੀਤੀਆਂ ਜੋ ਉਸ ਦੇ ਰਾਜ ਦੇ ਪਤਨ ਦਾ ਕਾਰਣ ਬਣ ਗਈਆਂ। ਮੁੱਖ ਰੂਪ ਵਿੱਚ ਉਸ ਨੇ ਦੋ ਕੰਮ ਐਸੇ ਕੀਤੇ ਜਿਸ ਨਾਲ ਉਸ ਦਾ ਰਾਜ ਉਸ ਦੇ ਹੱਥੋ ਜਾਂਦਾ ਰਿਹਾ। ਇਸੇ ਕਰਕੇ ਉਸਨੂੰ "ਮੂਰਖ ਵਿਦਵਾਨ" ਵੀ ਕਹਿਆ  ਜਾਂਦਾ ਹੈ।

ਪਹਿਲੀ ਸਿਆਣੀ ਮੂਰਖਤਾ ਉਸਨੇ ਇਹ ਕੀਤੀ ਕਿ ਉਸਨੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੀ ਕਰੇਂਸੀ ਚਲਾਈ। ਕੁਝ ਦਿਨ ਬਾਦ ਲੋਕਾਂ ਨੇ ਉਨਾਂ ਸਿੱਕਿਆ ਨੂੰ ਸੋਨੇ ਦੀ ਉੱਚੀ ਕੀਮਤ ਹੋਣ ਕਾਰਣ ਗਲਾ ਕੇ ਵੇਚ ਦਿਤਾ ਅਤੇ ਹੋਲੀ ਹੌਲੀ  ਕਰੇਂਸੀ ਲੁਪਤ ਹੋ ਗਈ ਅਤੇ ਉਸ ਰਾਜ ਦੀ ਸਾਰੀ ਇਕਨਾਮੀ ਢਹਿ ਢੇਰੀ ਹੋ ਗਈ। ਦੂਜੀ ਮੂਰਖਤਾ  ਭਰੀ ਸਿਆਣਪ ਉਸ ਨੇ ਇਹ ਕੀਤੀ ਜੋ  ਉਸਦੇ ਰਾਜ ਦਾ ਅੰਤ ਕਰ ਗਈ , ਕਿ ਉਸ ਨੇ ਇਹ ਸੋਚਿਆ ਕਿ ਜੇ ਉਹ ਅਪਣਾਂ ਰਾਜ ਦਿੱਲੀ ਦੀ ਬਜਾਏ  ਕਿਤੇ ਦਖਿਣ ਵਲ ਲੈ ਜਾਵੇ ਤਾਂ ਉਤੱਰ ਤੋ ਆਉਣ ਵਾਲੇ ਹਮਲਾਵਰਾਂ ਦੇ ਹਮਲਿਆਂ ਤੋਂ ਦੇਸ਼ ਦੀ ਰਾਜਧਾਨੀ ਨੂੰ ਬ ਚਾਇਆ ਜਾ ਸਕਦਾ ਹੈ, ਅਤੇ ਦੂਜਾ ਅਪਣੇ  ਰਾਜ ਨੂੰ ਦਖਿਣ ਵੱਲ ਵਧਾਇਆ ਜਾ ਸਕਦਾ ਹੈ। ਉਸ ਦੀ ਇਹ ਸਿਅਣਪ ਵੀ ਮੂਰਖਤਾ ਬਣ ਕੇ ਹੀ ਨਿਬੜੀ। ਉਸ ਨੇ ਦਿੱਲੀ ਨੂੰ ਛੱਡ ਕੇ ਅਪਣੇ ਰਾਜ ਦੀ ਰਾਜਧਾਨੀ ਦਿਉਗੀਰ ( ਦੌਲਤਾਬਾਦ) ਨੂੰ ਬਣਾ ਲਿਆ ਅਤੇ ਸਾਰੀਆਂ ਫੌਜਾਂ ਨੂੰ ਦੌਲਤਾਬਾਦ ਵੱਲ ਕੂਚ ਕਰਨ ਦਾ ਹੁਕਮ ਦੇ ਦਿਤਾ। ਇਹ ਫੈਸਲਾ ਉਸ ਦੇ ਰਾਜ ਦੇ ਤਾਬੂਤ ਦੀ ਆਖਰੀ ਕਿਲ ਸਾਬਿਤ ਹੋਇਆ । ਇੱਨੀ ਦੂਰ ਫੌਜਾਂ ਦੇ ਕੂਚ ਕਰਣ ਕਰਕੇ ਅਤੇ ਦੌਲਤਾਬਾਦ ਵਿੱਚ ਪਾਣੀ ਆਦਿਕ ਦੀ ਕਮੀ ਅਤੇ ਮੌਸਮ ਮਾਫਿਕ ਨਾਂ ਹੋਣ ਕਰਕੇ ਬਹੁਤੇ ਫੌਜੀ ਬੀਮਾਰ ਅਤੇ ਕਮਜੋਰ ਹੋ ਗਏ। ਇਸ ਵੇਲੇ ਹੀ  ਪਲੇਗ ਦੀ  ਬੀਮਾਰੀ ਫੈਲਣ ਕਰਕੇ ਲਗਭਗ ਉਸ ਦੀ ਅੱਧੀ ਫੌਜ ਪਲੇਗ ਦਾ ਸ਼ਿਕਾਰ ਹੋ ਕੇ ਮੁੱਕ ਗਈ। ਉਸ ਦੀਆਂ ਗਲਤ ਨੀਤੀਆਂ ਅਤੇ ਬੇਲੋੜੀਆਂ ਸਿਆਣਪਾਂ ਨੇ ਹੀ ਉਸ ਦੇ ਰਾਜ ਦਾ ਅੰਤ ਕਰ ਦਿਤਾ।

ਇਹ ਇਤਿਹਾਸਿਕ ਵਾਕਿਆ ਸੰਖੇਪ ਵਿੱਚ ਪਾਠਕਾਂ ਨਾਲ ਸ਼ੇਯਰ ਕਰਨ ਦਾ ਕਾਰਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਹਨ। ਜਿਸ ਵਿੱਚ ਸਰਨਾਂ ਭਰਾਵਾਂ ਦੀ ਬਹੁਤ ਬੁਰੀ ਹਾਰ ਹੋਈ ਅਤੇ ਦਸ ਬਾਰ੍ਹਾ ਵਰ੍ਹੇ  ਪੁਰਾਨੀ ਪ੍ਰਧਾਨਗੀ ਉਨਾਂ ਦੀ "ਸਿਆਣੀ ਮੂਰਖਤਾ" ਦੇ ਕਾਰਣ , ਉਨਾਂ ਦੇ ਹੱਥੋ ਨਿਕਲ ਗਈ। ਆਉ ਉਨਾਂ ਨੇ ਕੇੜ੍ਹੀਆਂ ਕੇੜ੍ਹੀਆਂ ਮੂਰਖਤਾ ਪੂਰਣ ਸਿਆਣਪਾਂ ਕੀਤੀਆਂ ਇਸ ਵਲ ਨਿਗਾਹ ਮਾਰ ਲਈਏ।
2007 ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ  ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੇ ਲਗਭਗ 35 ਸਟੇਜਾਂ ਤੇ ਗੁਰਬਾਣੀ ਅਧਾਰਿਤ ਪ੍ਰੋਗ੍ਰਾਮ ਐਸੇ ਕੀਤੇ ਜਿਨਾਂ ਵਿੱਚ ਸਿੱਖਾਂ ਨੂੰ ਅੰਦਰੂਨੀ ਹਮਲਾਵਰਾਂ ਅਤੇ ਹਿੰਦੂ ਰਾਸ਼ਟਰਵਾਦੀਆਂ ਦੇ ਭਾਈਵਾਲਾਂ ਦੀ ਨੀਯਤ ਤੋਂ ਸਿੱਖਾਂ ਨੂੰ ਸੁਚੇਤ ਕੀਤਾ । ਇਹ ਸਾਰੀਆਂ ਸਟੇਜਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਹੀ ਸਨ । ਸ਼੍ਰੋਮਣੀ ਅਕਾਲੀ ਦਲ , ਦਿੱਲੀ ਦੀ ਸਥਾਪਨਾਂ ਵੀ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੀ ਪ੍ਰੇਰਣਾਂ ਨਾਲ ਹੀ ਸਰਨਾਂ ਭਰਾਵਾਂ ਨੇ ਕੀਤੀ ਸੀ। ਸਰਨਿਆਂ ਦੀ ਇਹ ਸਿਆਣਪ ਰੰਗ ਲਿਆਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਰਨਾਂ ਭਰਾਵਾਂ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ।
ਦਿੱਲੀ ਦੀ ਗੱਦੀ ਖੁਸਦਿਆਂ ਹੀ ਅਕਾਲੀਆਂ ਦੀ ਨਿਗਾਹ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਉਸ ਵੇਲੇ ਤੋਂ ਹੀ ਇਕ ਕਿਰਕਰੀ  ਬਣ ਕੇ ਰੜਕਨ ਲੱਗੇ ਸਨ। ਪ੍ਰੋਫੇਸਰ ਸਾਹਿਬ ਦੀ ਨਿਧੜਕ ਅਤੇ ਬੇਬਾਕੀ ਨਾਲ ਸੱਚ ਕਹਿਣ ਦੀ ਆਦਤ ਅਕਾਲੀਆਂ ਦੇ ਉਸ ਜਖਮ  ਤੇ ਲੂਣ ਬਣ ਕੇ ਡਿਗ ਰਹੀ ਸੀ। ਦੂਜੇ ਪਾਸੇ ਸਿੱਖ ਸਿਆਸਤ ਵਿੱਚ ਮੌਜੂਦ  ਬ੍ਰਾਹਮਣਵਾਦੀਆਂ ਦੇ ਮਨਸੂਬਿਆਂ ਵਿੱਚ ਸਭ ਤੋਂ ਵੱਡੀ ਰੁਕਾਵਟ ਪ੍ਰੋਫੇਸਰ ਸਾਹਿਬ ਦਾ ਪ੍ਰਚਾਰ ਬਣ ਰਿਹਾ  ਸੀ। ਇਸ ਲਈ ਹਰ ਦੂਰ ਅੰਦੇਸ਼ੀ ਅਤੇ ਬੁੱਧੀਜੀਵੀ ਸਿੱਖ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਹੁਣ ਸਿੱਖੀ ਦੇ ਦੁਸ਼ਮਣਾਂ ਦਾ ਅਗਲਾ ਨਿਸ਼ਾਨਾਂ ਪ੍ਰੋਫੇਸਰ ਦਰਸ਼ਨ ਸਿੰਘ ਅਤੇ ਉਨਾਂ ਦਾ ਸਾਥ ਦੇਣ ਵਾਲੇ ਸਿੱਖ ਅਤੇ ਧਿਰਾਂ ਨੇ ਹੀ  ਹੋਣਾਂ ਹੈ।

ਇਸ ਖਤਰੇ ਨੂੰ ਵੇਖਦਿਆਂ ਹੀ ਪੰਥ ਦੇ ਉੱਘੇ ਵਿਦਵਾਨਾਂ ਅਤੇ ਪੰਥ ਦਰਦੀਆਂ ਦਾ ਇਕ ਬਹੁਤ ਵੱਡਾ ਇਕੱਠ ਗੁਰਦੁਆਰਾ ਰਕਾਬ ਗੰਜ ਦੇ ਕਾਂਨਫ੍ਰੈਂਸ ਹਾਲ ਵਿੱਚ ਹੋਇਆ । ਇਸ ਵਿੱਚ ਦੇਸ਼ ਵਿਦੇਸ਼ ਤੋਂ ਉੱਘੇ ਵਿਦਵਾਨ ਪੁੱਜੇ ਅਤੇ "ਸਿੱਖ ਪਾਰਲਿਆਮੇਂਟ" ਨਾਮ ਦੀ ਇਕ ਸੰਸਥਾ ਬਣਾਈ ਗਈ। ਇਸ ਨਾਮ ਦੀ ਤਜਵੀਜ ਡਾ.  ਹਰਜਿੰਦਰ ਸਿੰਘ ਦਿਲਗੀਰ ਨੇ ਕੀਤੀ ਸੀ। ਇਸ ਇਕੱਠ ਵਿੱਚ  ਕੋਈ ਜੱਥੇਬੰਦੀ , ਧਿਰ ਜਾਂ ਵਿਦਵਾਨ ਐਸਾ ਨਹੀ ਸੀ ਜੋ ਸ਼ਾਮਿਲ ਨਾਂ ਹੋਇਆ ਹੋਵੇ। ਇਸ ਮੀਟਿੰਗ ਵਿੱਚ ਭਾਵੇ ਸਰਨਾਂ ਭਰਾ ਨਹੀ ਸਨ ਆਏ ਲੇਕਿਨ ਉਨਾਂ ਦਾ ਸਮਰਥਨ ਇਸ ਜੱਥੇਬੰਦੀ ਨੂੰ ਹਾਸਿਲ ਸੀ  ਅਤੇ ਇਕ ਬਹੁਤ ਹੀ ਸ਼ਾਨਦਾਰ ਹਾਲ ਨੁਮਾਂ ਕਮਰਾ ਵੀ ਇਸ ਜੱਥੇਬੰਦੀ ਨੂੰ ਦਿੱਤਾ ਗਇਆ ਸੀ। ਇਸ ਜੱਥੇ ਬੰਦੀ ਨਾਲ ਕੌਮ ਦੇ ਜਾਗਰੂਕ ਸਿੱਖਾਂ ਨੂੰ ਬਹੁਤ ਉਤਸ਼ਾਹ ਅਤੇ ਉੱਮੀਦ ਬੰਧ ਗਈ ਸੀ ਕਿ ਹੁਣ ਇਨਾਂ ਅਕਾਲੀਆਂ ਅਤੇ ਟਕਸਾਲੀਆਂ ਨਾਲ ਡੱਟ ਕੇ ਮੁਕਾਬਲਾ ਕਰਣ ਲਈ ਇਕ ਮੰਚ ਬਣ ਚੁਕਾ ਹੈ।

ਇਸੇ ਦੌਰਾਨ ਹੀ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੇ  "ਅਖੌਤੀ ਦਸਮ ਗ੍ਰੰਥ" ਬਾਰੇ ਪ੍ਰਚਾਰ ਬਹੁਤ ਜੋਰ ਸ਼ੋਰ ਨਾਲ ਸ਼ੁਰੂ ਕੀਤਾ ਹੋਇਆ ਸੀ, ਜੋ ਬ੍ਰਾਹਮਣਵਾਦੀਆਂ ਦੀ ਹਿੱਕ ਤੇ ਸੱਪ ਬਣਕੇ ਰੇਂਗ ਰਿਹਾ ਸੀ।  ਪ੍ਰੋਫੇਸਰ ਸਾਹਿਬ ਦੀ ਜੁਬਾਨ ਬੰਦ ਕਰਣ ਲਈ ਉਹ ਕਿਸੇ ਵੀ ਹੱਦ ਤਕ ਜਾਂਣ ਨੂੰ ਤਿਆਰ ਸਨ ਅਤੇ ਇਹ ਡਿਉਟੀ ਅਕਾਲ ਤਖਤ ਤੇ ਕਾਬਿਜ ਗੁਰਬਚਨ ਸਿੰਘ ਅਤੇ ਕੁਝ ਟਕਾਸਲੀਆਂ ਦੇ ਜਿੱਮੇ ਲਾਈ ਗਈ ਸੀ। ਇਹ ਮੌਕਾ ਉਨਾਂ ਦੇ ਹੱਥ ਉਸ ਵੇਲੇ ਲੱਗ ਗਇਆ, ਜਿਸ ਵੇਲੇ ਪ੍ਰੋਫੇਸਰ ਸਾਹਿਬ ਨੇ ਰੋਚੇਸਟਰ ਗੁਰਦਵਾਰੇ ਵਿੱਚ "ਕੂੜ ਗ੍ਰੰਥ" ਦੀ ਅਸ਼ਲੀਲ ਰਚਨਾਂ "ਚਰਿਤ੍ਰ ਪਾਖਿਯਾਨ" ਦੇ  ਅਨੂਪ ਕੌਰ ਵਾਲੇ ਚਰਿਤ੍ਰ  ਬਾਰੇ ਸੰਗਤਾਂ ਨੂੰ ਜਾਨਕਾਰੀ ਕਰਵਾਈ, ਜਿਸ ਵਿੱਚ ਦਸਮ ਪਿਤਾ ਦੇ ਚਰਿਤ੍ਰ ਤੇ ਬਹੁਤ ਹੀ ਸ਼ਰਮਨਾਕ  ਹਮਲਾ ਕਿਤਾ ਗਇਆ ਹੈ। ਸੰਤ ਸਿਪਾਹੀ ਰਸਾਲੇ ਦੇ ਦਸ਼ਮ ਗ੍ਰੰਥੀ ਏਡੀਟਰ ਗੁਰਸ਼ਰਣ ਜੀਤ ਸਿੰਘ ਲਾਂਬੇ ਨੇ ਇਸ ਕੀਰਤਨ ਦੀ ਇਕ ਏਡਿਟ ਕੀਤੀ ਸੀ. ਡੀ.  ਨੂੰ ਬਹਾਨਾਂ  ਬਣਾਂ ਕੇ ਅਕਾਲ ਤਖਤ ਭੇਜਿਆ ਗਇਆ ਅਤੇ ਬਹੁਤ ਦਿਨਾਂ ਤੋਂ ਜੋ ਮੌਕਾ ਬ੍ਰਾਹਮਣਵਾਦੀਏ ਲੱਭ ਰਹੇ ਸਨ, ਉਨਾਂ ਨੂੰ ਆਖੀਰਕਾਰ ਮਿਲ ਹੀ ਗਇਆ। ਇਸ ਨਕਲੀ ਅਤੇ ਏਡਿਟੇਡ ਸੀ ਡੀ ਨੂੰ ਵਿਵਾਦ ਬਣਾਂ ਕੇ ਪ੍ਰੋਫੇਸਰ ਸਾਹਿਬ ਨੂੰ  ਅਕਾਲ ਤਖਥ ਤੇ ਪੇਸ਼ ਹੋਣ ਦਾ ਨੋਟਿਸ ਭੇਜ ਦਿਤਾ ਗਇਆ। ਇਹ ਉਨਾਂ ਦੀ ਸ਼ਖਸ਼ਿਅਤ ਅਤੇ  ਇਜੱਤ ਨੂੰ ਰੋਲਣ ਦੀ ਅਤੇ ਉਨਾਂ ਦੀ ਜੁਬਾਨ ਬੰਦ ਕਰਵਾਉਣ ਦੀ ਇਕ ਸਾਜਿਸ਼ ਸੀ।
ਇਸ ਖਤਰੇ ਨੂੰ ਭਾਂਪਦੇ ਹੋਏ ਦਿੱਲੀ ਦੇ ਰਕਾਬ ਗੰਜ ਗੁਰਦੁਆਰੇ ਵਿੱਚ ਫਿਰ ਇਕ ਇਕੱਠ ਕੀਤਾ ਗਇਆ , ਜਿਸ ਵਿੱਚ ਇਨਾਂ ਵੱਡਾ ਇਕੱਠ ਹੋਇਆ ਕਿ ਹਾਲ ਤੋਂ ਬਾਹਰ ਖੜੇ ਹੋਕੇ ਵਿਦਵਾਨਾਂ ਦੀ ਤਕਰੀਰ ਸੁਨਣੀ ਪਈ। ਜਿੱਥੇ ਇਹ ਇਕੱਠ ਪ੍ਰੋਫੇਸਰ ਸਾਹਿਬ ਜਹੀ ਸਖਸਿਯਾਤ ਦੀ ਪ੍ਰਸਿਧੀ ਅਤੇ ਲੋਕ ਪ੍ਰਿਯਤਾ ਦਾ  ਪ੍ਰਮਾਣ ਸੀ,  ਉਥੇ ਹੀ ਸਰਨਾਂ ਭਰਾਵਾਂ ਅਤੇ ਪ੍ਰੋਫੇਸਰ ਸਾਹਿਬ ਦੀ ਜੁਗਲਬੰਦੀ ਨੂੰ ਬੁਧੀਜੀਵੀਆਂ ਅਤੇ ਵਿਦਵਾਨਾਂ ਦੇ ਇਕ ਸਮਰਥਨ ਦਾ ਵੀ ਪ੍ਰਤੀਕ ਸੀ। ਇਥੋਂ ਤਕ ਤਾਂ ਇਹ ਲਗ ਰਿਹਾ ਸੀ ਕਿ ਅਕਾਲੀਆਂ , ਟਕਸਾਲੀਆ ਅਤੇ ਸ਼੍ਰੋਮਣੀ ਕਮੇਟੀ ਦੇ ਬਦਲ ਦੇ ਰੂਪ ਵਿੱਚ ਇਕ ਮੰਚ ਤਿਆਰ ਹੋ ਚੁਕਾ ਹੈ। ਲੇਕਿਨ ਸਰਨਿਆ ਦੀ ਸਿਆਣਪ ਅਚਾਨਕ ਮੂਰਖਤਾ ਵਿੱਚ ਬਦਲ ਗਈ ਅਤੇ ਉਨਾਂ ਦੇ ਵਿਵਹਾਰ ਵਿੱਚ ਅਚਾਨਕ ਤਬਦਿਲੀ ਆ ਗਈ। ਇਸ ਵਿੱਚ ਇਕ ਕਾਰਣ ਤੇ ਦਸਮ ਗ੍ਰੰਥੀਆਂ ਦੀ ਲਾਬੀ ਦਾ  ਦਬਾਅ ਵੀ ਸੀ ਜੋ ਉਨਾਂ ਦੀ ਕਮੇਟੀ ਵਿੱਚ ਮੌਜੂਦ ਸਨ , ਦੁਜਾ ਆਏ ਦਿਨ ਅਕਾਲ ਤਖਤ ਤੋਂ ਉਨਾਂ ਨੂੰ ਭੇਜੇ ਜਾਂਣ ਵਾਲੇ ਨੋਟਿਸ ਸਨ ਜੋ ਉਨਾਂ ਨੂੰ ਪ੍ਰੋਫੇਸਰ ਸਾਹਿਬ ਤੋਂ ਦੂਰ ਕਰਨ ਦਾ ਇਕ ਹੱਥਕੰਡਾ ਸਨ ।

ਪ੍ਰੋਫੇਸਰ ਸਾਹਿਬ ਨੂੰ ਬੁਰਛਾਗਰਦਾਂ ਦੇ ਭੇਜੇ ਗਏ ਨੋਟਿਸ ਵਿੱਚ ਉਨਾਂ ਦੇ ਸਪਸ਼ਟੀਕਰਣ ਤੋਂ ਪਹਿਲਾਂ ਹੀ,  ਉਨਾਂ ਦੇ ਕੀਰਤਨ ਪ੍ਰੋਗ੍ਰਾਮਾਂ ਤੇ ਪਾਬੰਦੀ ਲਾਅ ਦਿਤੀ ਗਈ ਸੀ,  ਜੋ ਕੇਸਾਧਾਰੀ ਬ੍ਰਾਹਮਣਾਂ ਦੀ ਨਿਅਤ ਅਤੇ ਪਹਿਲਾਂ ਤੋਂ ਮਿੱਥੀ ਗਈ ਸਾਜਿਸ਼ ਦਾ ਪ੍ਰਤਿਅਖ ਪ੍ਰਮਾਣ ਸੀ। ਇਸ ਨੋਟਿਸ ਦੇ ਮਿਲਦਿਆ ਹੀ ਸਰਨਾਂ ਭਰਾਵਾਂ ਨੇ ਪ੍ਰੋਫੇਸਰ ਸਾਹਿਬ ਤੋਂ ਕਿਨਾਰਾ ਕਰ ਲਿਆ। ਇਥੋਂ ਸ਼ੁਰੂ ਹੂੰਦੀ ਹੈ ਸਰਨਾਂ ਭਰਾਵਾਂ ਦੀ ਲੋਕ ਸਮਰਥਨ ਦੇ ਪਤਨ ਦੀ ਕਹਾਣੀ।
ਜਿਸ ਸਖਸ਼ਿਯਤ ਦੇ ਪ੍ਰਚਾਰ ਦੀ ਵਜਿਹ ਨਾਲ ਸਰਨਿਆਂ ਨੂੰ ਪ੍ਰਧਾਨਗੀ ਮਿਲੀ ਸੀ , ਉਨਾ ਦੇ ਪਹਿਲਾਂ ਤੋਂ ਮਿੱਥੇ ਕੀਰਤਨ ਪ੍ਰੋਗ੍ਰਾਮਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟੇਜਾਂ ਤੋਂ ਰੱਦ ਕਰਕੇ , ਇਹ  ਸਾਰੇ ਪ੍ਰੋਗ੍ਰਾਮ ਇਕ ਦਸ਼ਮ ਗ੍ਰੰਥੀਏ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਨੂੰ  ਉਹ ਸਟਜਾਂ ਦੇ ਦਿਤੀਆਂ ਗਈਆਂ । ਇਨਾਂ ਪ੍ਰੋਗ੍ਰਾਮਾਂ ਵਿੱਚ ਇਸ ਰਾਗੀ ਨੇ ਰੱਜ ਕੇ ਕੂੜ ਬਾਣੀ ਪੜ੍ਹੀ।  ਇਸ ਨਾਲ  ਪ੍ਰੋਫੇਸਰ ਦਰਸ਼ਨ ਸਿੰਘ ਦੇ ਬਹੁਤ ਸਾਰੇ ਸਮਰਥਕਾਂ ਅਤੇ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਵਿਦਵਾਨਾ ਵਿੱਚ ਸਰਨਿਆ ਪ੍ਰਤੀ ਰੋਸ਼ ਪੈਦਾ ਹੋ ਗਇਆ ਅਤੇ ਉਹ ਸਰਨਿਆ ਦੇ ਵਿਰੋਧੀ ਬਣ ਗਏ। 

ਸਰਨਿਆਂ ਨੇ ਸਿਧਾਂਤਾ ਨਾਲ ਖਲੋਣ ਦੀ ਥਾਵੇ ਅਪਣੀ ਕੁਰਸੀ ਨੂੰ ਬਚਾਉਣਾਂ ਕਿਤੇ ਜਰੂਰੀ ਸਮਝਿਆ । ਕਾਰਣ ਕਈ ਸਨ , ਲੱਖੀ ਸ਼ਾਹ ਵਣਜਾਰਾ ਹਾਲ ਦੀ ਦੁਰਵਰਤੋਂ , ਬੀੜਾਂ ਦਾ ਮਸਲਾ ਅਤੇ ਕਈ ਹੋਰ ਮਾਮਲੇ ਸਰਨਿਆਂ ਤੇ ਅਕਾਲ ਤਖਤ ਵਲੋਂ ਬਣਾਂ ਕੇ ਆਏ ਦਿਨ ਇਨਾਂ ਨੂੰ ਸਕਤੱਰੇਤ ਵਿੱਚ ਸਦਿਆ ਜਾਂਣ ਲਗਾ। ਸਰਨਿਆਂ ਨੂੰ  ਇਹ ਲੱਗਾ ਕਿ ਚੁਪ ਚਪੀਤੇ "ਸਕਤਰੇਤ" ਵਿੱਚ ਚਾਹ ਪੀ ਕੇ ਸੌਦੇਬਾਜੀ ਕਰ ਲੈਣਾਂ ਕੁਰਸੀ ਗਵਾਉਣ ਨਾਲੋਂ ਕਿਤੇ ਸੱਸਤਾ ਸੌਦਾ ਹੈ। ਸਰਨੇ ਕਈ ਵਾਰ ਚੁਪ ਚਪੀਤੇ ਗੁਰਬਚਨ ਸਿੰਘ ਦੀ ਕਾਲ ਕੋਠਰੀ ਵਿੱਚ ਜਾ ਕੇ ਸੌਦੇਬਾਜੀਆ ਕਰਦੇ ਰਹੇ। ਉਹ ਸਮਝਦੇ ਰਹੇ ਕਿ ਇਸ ਗਲ ਦਾ ਕਿਸ ਨੂੰ ਪਤਾ ਲਗਣਾਂ ਹੈ, ਇਹ ਉਨਾਂ ਦੀ ਸਿਆਣਪ ਨਹੀ ਬਲਕਿ ਸਭ ਤੋਂ ਵੱਡੀ ਮੂਰਖਤਾ ਰਹੀ। ਇਕ ਮੀਟਿੰਗ ਦੇ ਦੌਰਾਨ ਪਰਮ ਜੀਤ ਸਰਨਾਂ ਨੇ ਆਪ ਇਸ ਗਲ ਨੂੰ ਸਵੀਕਾਰ ਕੀਤਾ ਕਿ ਸਾਨੂੰ ਕਈ ਨੋਟਿਸ ਅਕਾਲ ਤਖਤ ਦੇ ਜੱਥੇਦਾਰ ਨੇ ਭੇਜੇ ਅਸੀ ਤਾਂ ਸਕੱਤਰੇਤ ਵਿੱਚ ਜਾ ਕੇ ਨਿਪਟਾ ਲਏ ਹਨ।
ਲੇਕਿਨ ਅੰਦਰ ਕੀ ਤੈਅ ਹੂੰਦਾ ਸੀ ?  ਉਸ ਵਿੱਚ ਦੋ ਸ਼ਰਤਾਂ ਤਾਂ ਹਰ ਪੰਥ ਦਰਦੀ ਨੂੰ  ਜਾਹਿਰ ਹੋ ਚੁਕੀਆ ਸਨ । ਪਹਿਲਾ ਕਿ ਪ੍ਰੋਫੇਸਰ ਦਰਸ਼ਨ ਸਿੰਘ ਦਾ ਦਿਲੀ ਕਮੇਟੀ ਦੀ ਸਟੇਜ ਤੋਂ ਕੋਈ ਪ੍ਰੋਗ੍ਰਾਮ ਨਹੀ ਹੋਵੇਗਾ ਅਤੇ ਦੂਜਾ ਦਸਮ ਗ੍ਰੰਥ ਦੀ ਕੋਈ ਗਲ ਨਹੀ ਹੋਵੇਗੀ। ਸਰਨੇ ਬੁਰਛਾਗਰਦਾਂ ਦੀ  ਇਸ ਸ਼ਰਤ ਨੂੰ ਪੂਰੀ ਇਮਾਨਦਾਰੀ ਨਾਲ ਅਪਣੀ ਸਿਆਣਪ ਸਮਝ ਕੇ ਨਿਭਾਦੇ ਰਹੇ ਅਤੇ ਅਪਣੀ ਕੁਰਸੀ ਨਾਲ ਚੰਬੜੇ ਰਹੇ। ਜਦਕਿ ਇਸ ਗੈਰ ਸਿਧਾਂਤਕ ਕੰਮ ਦਾ ਇਹ ਨਤੀਜਾ ਹੋਇਆ ਕਿ ਸਰਨਾਂ ਭਰਾਵਾਂ ਨਾਲੋਂ ਬਹੁਤ ਸਾਰੇ ਪੰਥ ਦਰਦੀ ਅਤੇ ਵਿਦਵਾਨ ਟੁੱਟ ਗਏ। ਇਥੋਂ ਤਕ ਕੇ ਸਰਨਿਆ ਦੀ ਬੁਲਾਈ ਮੀਟਿੰਗ ਵਿੱਚ ਪਰਮਜੀਤ ਸਰਨਾਂ ਦੇ ਨਾਲ ਬੈਠੇ ਪੰਥ ਦੇ ਵਿਦਵਾਨ , ਅਸ਼ੋਕ ਸਿੰਘ ਬਾਗੜੀਆਂ ਨੇ ਖਲੋ ਕੇ ਮਾਈਕ ਤੇ ਇਥੋਂ ਤਕ ਕਹਿ ਦਿਤਾ ਕਿ,  "ਮੱਕੜ ਅਤੇ ਸਰਨੇ ਵਿੱਚ ਕੋਈ ਫਰਕ ਨਹੀ ਹੈ, ਇਹ ਇਕੋ ਨਾਨੀ ਦੀਆਂ ਧੀਆਂ ਹਨ" । ਇਸ ਤੋਂ ਬਾਦ ਤਾਂ ਜਿਵੇ ਸਭ ਕੁਝ ਖਤਮ ਜਿਹਾ ਹੀ ਹੋ ਚੁਕਿਆ ਸੀ।

ਸਰਨਾਂ ਭਰਾਵਾਂ ਨੇ ਸਿਧਾਂਤ ਨਾਲ ਖੜੇ ਹੋਣ ਦੀ ਬਜਾਏ ਬੁਰਛਾਗਰਦਾਂ ਦੀ ਈਨ ਮਣ ਕੇ ਬਹੁਤ ਸਾਰੇ ਬੁਧੀਜੀਵੀ ਸਿੱਖਾਂ ਅਤੇ ਜਾਗਰੂਕ ਤਬਕੇ ਨੂੰ ਅਪਣੇ ਤੋਂ ਦੂਰ ਕਰ ਲਿਆ ਸੀ। ਇਸ ਵਿਚਕਾਰ ਹੀ ਸਰਨਿਆਂ ਨੇ ਇਕ ਵਰਡ ਸਿੱਖ ਕਾਨਫ੍ਰੇਂਸ ਬੁਲਾਈ ।ਦੂਜੇ ਪਾਸੇ ਪ੍ਰੋਫੇਸਰ ਸਾਹਿਬ ਦੇ ਛੇਕੇ ਜਾਂਣ ਤੋਂ ਬਾਦ ਸੰਗਤਾਂ ਦਾ ਇਕ ਹੱੜ ਉਨਾਂ ਦੇ ਪ੍ਰੋਗ੍ਰਾਮਾਂ ਵਿੱਚ ਦਿਸ ਰਿਹਾ ਸੀ। ਬੁਰਛਾਗਰਦਾਂ ਦੇ ਖਿਲਾਫ ਇਕ ਲਹਿਰ ਜਹੀ ਚਲ ਪਈ ਸੀ ਅਤੇ ਇਨਾਂ ਬੁਰਛਾਗਰਦਾਂ ਦੇ ਥਾਂ ਥਾ ਤੇ ਪੁਤਲੇ ਸਾੜੇ ਜਾ ਰਹੇ ਸੀ। ਸਰਨਾਂ ਭਰਾਵਾਂ ਨੇ ਉਸ ਕਾਨਫ੍ਰੇਂਸ ਵਿੱਚ ਵੀ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਦੂਰ ਰਖਿਆ ਅਤੇ ਅਪਣੀ ਕਾਨਫ੍ਰੇਂਸ ਵਿੱਚ ਬਲਜੀਤ ਸਿੰਘ ਦਾਦੂ ਵਾਲ ਨੂੰ ਕੌਮ ਦੇ ਆਗੂ ਦੇ ਰੂਪ ਵਿੱਚ ਪੇਸ਼ ਕੀਤਾ ਜੋ ਪਹਿਲਾਂ ਹੀ ਦਸਮ ਗ੍ਰੰਥ ਦੇ ਹਿਮਾਇਤੀ ਹਨ। ਬੱਚੀ ਖੁਚੀ ਕਸਰ ਸਰਨਿਆਂ ਨੇ ਕਾਂਨਫ੍ਰੇਂਸ ਦੇ ਇਸ "ਫਲਾਪ ਸ਼ੋ" ਨਾਲ ਪੂਰੀ ਕਰ ਦਿਤੀ।

ਇਹ ਤਾਂ ਸੀ ਸਰਨਿਆਂ ਦਾ  ਪੰਥ ਦਰਦੀਆਂ ਅਤੇ ਜਾਗਰੂਕ ਤਬਕੇ ਦੀ ਜੱਥੇਬੰਦੀ ਦੀ ਨੀਤੀ ਪੱਖੋ ਇਕ ਕਮਜੋਰ ਸਟੈਡ। ਇਸ ਤੋਂ ਅਲਾਵਾ ਵੀ ਸਰਨਿਆਂ ਨੇ ਕਦੀ ਵੀ ਗੁਰੂ ਘਰ ਦੇ ਧੰਨ ਦਾ ਇਸਤੇਮਾਲ ਸਹੀ ਢੰਗ ਨਾਲ ਨਹੀ ਕੀਤਾ। ਉਨਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਣ ਉਸ ਕੋਲ ਅਪਣਾਂ ਇਲੇਕਟ੍ਰਾਨਿਕ ਮੀਡੀਏ ਦਾ ਨਾਂ ਹੋਣਾਂ ਰਿਹਾ। ਵਿਰੋਧੀ ਪੱਖ ਕੋਲ ਦੋ ਚੈਨਲ ਅਪਣੇ ਅਤੇ ਘਟੋ ਘੱਟ ਚਾਰ ਇਹੋ ਜਹੇ ਟੀ ਵੀ ਚੈਨਲ ਐਸੇ ਹਨ ਜੋ ਉਨਾਂ ਅਨੁਸਾਰ ਹੀ ਪ੍ਰਚਾਰ ਕਰਦੇ ਹਨ ਅਤੇ ਜੋ ਉਹ ਚਾਂਉਦੇ ਹਨ ਉਹ ਵਖਾਉਦੇ ਹਨ। ਸਰਨਿਆਂ ਦੀ ਮੂਰਖਤਾ ਉਸ ਵੇਲੇ ਚਰਮ ਸੀਮਾਂ ਤੇ ਪੁੱਜ ਗਈ ਜਦੋ ਗੁਰੂ ਦੀ ਗੋਲਕ ਦਾ ਸੋਨਾਂ ਉਨਾਂ  ਨੇ ਗੂੰਬਦਾਂ ਲਾਉਣ ਅਤੇ ਅੰਡਰ ਗ੍ਰਾਉਡ ਕਾਰ ਪਾਰਕਿੰਗ ਬਣਾਉਣ ਵਿੱਚ ਖਰਚ ਕਰਨਾਂ ਸ਼ੁਰੂ ਕਰ ਦਿਤਾ , ਜਿਸ ਨਾਲ ਨਾਂ ਤਾਂ ਕੌਮ ਦਾ ਕੋਈ ਭਲਾ ਹੋਇਆ ਅਤੇ ਨਾਂ ਹੀ ਉਨਾਂ ਨੇ ਅਪਣੀ ਹੀ ਪੋਜੀਸ਼ਨ ਨੂੰ ਪੁਖਤਾ ਕੀਤਾ।
ਅਪਣੀ ਕਮੇਟੀ ਦੇ ਸੁਹਿਰਦ ਵਿਦਵਾਨਾਂ ਦੀ ਸਲਾਹ ਵੀ ਉਨਾਂ ਨੇ ਕਦੀ ਨਹੀ  ਮੰਨੀ, ਬਲਕਿ ਕੁਝ ਗਿਣੇ ਚੁਣੇ ਲੋਕੀ ਹੀ ਉਨਾਂ ਦੇ ਸਲਾਹਕਾਰ ਬਣੇ ਰਹੇ , ਜਿਨਾਂ ਨੂੰ ਆਪ ਗੁਰਮਤਿ ਦੀ ਕੋਈ ਜਾਨਕਾਰੀ ਨਹੀ ਸੀ । ਭਾਈ ਤਰਸੇਮ ਸਿੰਘ , ਚੇਯਰਮੈਨ ਧਰਮ ਪ੍ਰਚਾਰ ਕਮੇਟੀ ਇਕ ਇਹੋ ਜਹੀ ਸਖਸ਼ਿਯਤ ਹਨ  ਜਿਨਾਂ ਦਾ ਜਾਗਰੂਕ ਤਬਕੇ ਵਿੱਚ ਵੀ ਸਤਕਾਰ ਹੈ ਅਤੇ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨਾਲ ਵੀ ਉਨਾਂ ਦਾ ਨਜਦੀਕੀ ਸੰਬੰਧ ਹੈ । ਸਰਨਿਆ ਨੇ ਇਹੋ ਜਹੇ ਬੰਦਿਆ ਦੀਆਂ ਸੇਵਾਵਾਂ ਵਲ  ਕਦੀ ਵੀ ਧਿਆਨ ਨਹੀ ਦਿੱਤਾ । ਅਤੇ ਹੌਲੀ ਹੌਲੀ ਉਨਾਂ ਦੀ ਸਾਖ ਵੀ ਜਾਗਰੂਕ ਤਬਕੇ ਵਿੱਚ ਘਟਦੀ ਚਲੀ ਗਈ ।ਜਦਕਿ ਜੇ ਉਹ ਚਾਉਦੇ ਤਾਂ ਭਾਈ ਤਰਸੇਮ ਸਿੰਘ ਹੋਰਾਂ ਦੀ ਮਦਦ ਨਾਲ ਜਾਗਰੂਕ ਤਬਕੇ ਅਤੇ ਅਪਣੀ  ਕਮੇਟੀ ਦੇ ਦਸਮ ਗ੍ਰੰਥੀਆਂ ਵਿੱਚ ਤਾਲ ਮੇਲ ਬਣਾਂ ਕੇ ਰੱਖ ਸਕਦੇ ਸਨ।

ਚੋਣਾਂ ਦੇ ਆਉਣ ਤਕ ਜਾਗਰੂਕ ਤਬਕੇ ਅਤੇ ਪੰਥ ਦਰਦੀਆਂ ਦੇ ਮਨਾਂ ਵਿੱਚ ਸਰਨਾਂ ਭਰਾਵਾਂ ਦੇ ਹੱਕ ਵਿੱਚ ਸਿਰਫ ਦੋ ਹੀ  ਗੱਲਾਂ ਜਾਂਦੀਆਂ ਸੀ । ਪਹਿਲਾ ਨਾਨਕ ਸ਼ਾਹੀ ਕੈਲੰਡਰ ਤੇ ਪਹਿਰਾ ਦੇਣਾਂ ਅਤੇ ਦੂਜਾ ਬੰਗਲਾ ਸਾਹਿਬ ਤੋਂ ਨਿਡਰ ਪ੍ਰਚਾਰਕਾਂ ਦਵਾਰਾ ਕਥਾ ਕਰਵਾਉਣਾਂ।ਲੇਕਿਨ ਇਕ ਵਾਰ ਫਿਰ ਮੂਰਖਤਾ ਭਰੀ ਸਿਆਣਪ ਨੇ ਉਨਾਂ ਦੇ ਹਕ ਵਿੱਚ ਜਾ ਰਿਹਾ ਨਾਨਕ ਸ਼ਾਹੀ ਕੈਲੰਡਰ ਵਾਲਾ ਪੱਖ ਵੀ ਖੋਹ ਲਿਆ , ਜਿਸ ਵਿੱਚ ਉਨਾਂ ਨੇ ਸੰਗ੍ਰਾਂਦਾਂ ਅਤੇ ਮਸਿਆ ਨੂੰ  ਬ੍ਰਾਹਮਣੀ ਜੰਤਰੀ ਅਨੁਸਾਰ ਸਵੀਕਾਰ ਕਰ ਲਿਆ । ਇਹ ਗੱਲ ਪੰਥ ਦਰਦੀਆ ਦੇ ਦਿਲ ਵਿੱਚ , ਇਸ ਸੰਕਾ ਦੇ ਰੂਪ ਵਿੱਚ ਘਰ ਕਰ ਗਈ ਕਿ ਇਹ ਰੋਜ ਸਕਤੱਰੇਤ ਵਿੱਚ ਚਕੱਰ ਲਾਂਉਦੇ ਹਨ, ਹੋ ਸਕਦਾ ਹੈ ਇਹ ਵੀ ਨਾਨਕ ਸ਼ਾਹੀ ਕੈਲੰਡਰ ਨੂੰ ਇਕ ਦਿਨ ਰੱਦ ਕਰ ਦੇਣ। ਚੌਣਾਂ ਆਂਉਦੇ ਆਂਉਦੇ ਇਕ ਵੀ ਗਲ ਇਨਾ ਦੇ ਹੱਕ ਵਿੱਚ ਨਹੀ ਸੀ ਦਿਸ ਰਹੀ, ਜਿਸ ਕਰਕੇ ਇਨਾਂ ਨੂੰ ਸਮਰਥਨ ਦਿਤਾ ਜਾ ਸਕੇ। ਦੂਜੇ ਪਾਸੇ ਵਿਰੋਧੀਆਂ ਨੇ ਪੂਰੀ ਖੇਡ , ਨੀਤੀ ਅਤੇ ਰਣਨੀਤੀ ਨਾਲ ਖੇਡੀ ਅਤੇ ਕਾਮਯਾਬੀ ਹਾਸਿਲ ਕੀਤੀ । ਸੱਕਤਰੇਤ ਵਿੱਚ ਗੇੜੇ ਮਾਰ ਮਾਰ ਕੇ ਸਰਨਿਆਂ ਨੇ ਜਾਗਰੂਕ ਤਬਕੇ ਦਾ ਸਮਰਥਨ ਤਾਂ ਗਵਾ ਹੀ ਦਿਤਾ ਸੀ। ਬੁਰਛਾਗਰਦਾਂ ਨੇ ਵੀ ਉਨਾਂ ਨੂੰ ਚੰਗਾ ਮੂਰਖ ਬਣਾਂ ਲਿਆ ਸੀ। ਇਸ ਤਰ੍ਹਾਂ ਸਰਨੇ ਨਾਂ ਘਰ ਦੇ ਰਹੇ ਅਤੇ ਨਾਂ ਘਾਟ ਦੇ॥
ਸਰਨਿਆਂ ਦੀ ਇਹ ਹਾਰ ਕੌਮ ਲਈ ਇਕ ਬਹੁਤ ਵੱਡੀ ਤ੍ਰਾਸਦੀ ਬਣ ਕੇ ਨਿਬੜੇਗੀ। ਇੱਨਾਂ  ਦੀਆਂ ਅਪਣੀਆ ਕਮਜੋਰ ਅਤੇ ਬੇਵਕੂਫੀ ਭਰੀਆਂ ਨੀਤੀਆਂ ਕਰਕੇ ਉਨਾਂ ਨੂੰ ਮੂਹ ਦੀ ਖਾਂਣੀ ਪਈ ਹੈ। ਇਨਾਂ ਨੇ ਤਾਂ ਕੌਮ ਦੇ ਹਰ ਤਬਕੇ ਦਾ ਸਮਰਥਨ ਅਪਣੀਆਂ ਕਮਜੋਰ ਨੀਤੀਆਂ ਕਰਕੇ ਪਹਿਲਾਂ ਹੀ ਖੋ ਦਿਤਾ ਸੀ ।  ਲੇਕਿਨ ਕੌਮ ਦਾ ਜਿਨਾਂ ਵੱਡਾ ਨੁਕਸਾਨ ਇਨਾਂ ਨੇ ਅਪਣੀ ਕੁਰਸੀ ਗੁਵਾ ਕੇ ਕੀਤਾ ਹੈ , ਉਸ ਦਾ ਖਮਿਆਜਾ ਕੌਮ ਨੂੰ ਕਈ ਸਦੀਆਂ ਤਕ ਭੁਗਤਣਾਂ ਪਵੇਗਾ। ਨਾਨਕ ਸ਼ਾਹੀ ਕੈਲੰਡਰ ਹੁਣ ਸ਼ਾਇਦ ਹੀ ਕਦੀ ਹੋਂਦ ਵਿੱਚ ਆ ਸਕੇ । ਗੁਰਮਤਿ ਦਾ ਪ੍ਰਾਚਰ ਸ਼ਾਇਦ ਹੀ ਗੁਰਮਤਿ ਅਨੁਸਾਰ ਲੋਕਾਂ ਤਕ ਪਹੂੰਚ ਸਕੇ। ਬ੍ਰਾਹਮਣ ਵਾਦੀਆਂ ਦੇ ਮਨਸੂਬੇ ਹੀ ਹੁਣ ਪੂਰੇ ਹੋਣਗੇ ਅਤੇ ਸਾਂਝੀਵਾਲਤਾ ਦੀ ਆੜ ਵਿੱਚ ਸਿੱਖਾਂ ਨੂੰ ਹਿੰਦੂ ਮਤਿ ਦਾ ਇਕ ਹਿੱਸਾ ਬਣਾਂ ਦੇਣ ਦੀ ਹਰ ਸਾਜਿਸ ਸਿੱਖਾਂ ਨਾਲ ਕੀਤੀ ਜਾਵੇਗੀ। ਸੱਚ ਦੀ ਗਲ ਕਰਨ ਵਾਲਿਆਂ ਦੀ ਜੁਬਾਨ ਬੰਦ ਕਰ ਦਿਤੀ ਜਾਵੇਗੀ।

ਇੰਦਰ ਜੀਤ ਸਿੰਘ,ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.