ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਹਦਾਲੀ ਦਾ ਖੁਸ਼ਵੰਤ !
ਹਦਾਲੀ ਦਾ ਖੁਸ਼ਵੰਤ !
Page Visitors: 2826

ਹਦਾਲੀ ਦਾ ਖੁਸ਼ਵੰਤ !
"ਪੁੱਤਰ ਆਪਣੀ ਜ਼ਮੀਨ ਤੇ ੯੯ ਸਾਲ ਬਾਦ ਵਾਪਸ ਆ ਗਿਆ ਹੈ" ਇਹ ਅਲਫ਼ਾਜ਼ ਸਨ ਉਸ ਹਦਾਲੀ ਸਰਕਾਰੀ ਹਾਈ ਸਕੂਲ ਦੇ ਇਕ  ਸਾਬਕਾ ਹੈਡ ਮਾਸਟਰ  ਮੁਹੰਮਦ ਹਯਾਤ ਦੇ, ਜਿੱਥੇ ਕਦੇ ਖੁਸ਼ਵੰਤ ਸਿੰਘ ਜੀ ਨੇ ਆਪਣੀ ਪੜਾਈ ਕੀਤੀ ਸੀ। ਹਦਾਲੀ ਲਾਹੋਰ ਤੋਂ ੨੮੦ ਕਿਲੋਮੀਟਰ ਦੂਰ ਪਾਕਿਸਤਾਨੀ ਪਜੰਾਬ ਪ੍ਰਾਂਤ ਦਾ ਉਹ ਕਸਬਾ ਹੈ, ਜਿੱਥੇ ਖੁਸ਼ਵੰਤ ਸਿੰਘ ਦਾ ਜਨਮ ੨ ਫ਼ਰਵਰੀ ੧੯੧੫ ਵਿਚ ਹੋਇਆ ਸੀ।
ਖ਼ੁਸ਼ਵੰਤ ਸਿੰਘ ਦੀ ਇਕ ਇੱਛਾ ਮੁਤਾਬਕ, ਪਾਕਿਸਤਾਨੀ ਲੇਖਕ ਅਤੇ ਕਲਾ ਇਤਹਾਸਕਾਰ ਕਾਰ ਫ਼ਕੀਰ ਸੈਈਦ ਐਜਾਜ਼ੁਦੀਨ, ਖੁਸ਼ਵੰਤ ਸਿੰਘ ਦੇ  ਸਰੀਰ ਦੀ ਬਣੀ ਇਕ ਮੁੱਠੀ ਰਾਖ਼ ਲੈ ਕੇ ਹਦਾਲੀ  ਪਹੁੰਚੇ ਸੀ। ਸਰੀਰ ਦੀ ਰਾਖ਼  ਨੂੰ ਸੀਮੰਟ ਵਿਚ ਰਲਾ ਕੇ ਖੁਸ਼ਵੰਤ ਸਿੰਘ ਦਾ ਸਮ੍ਰਿਤੀ ਚਿੰਨ ਸਕੂਲ ਵਿਚ ਲਗੇ ਸ਼ੀਸਮ ਦੇ ਉਸ ਬੁਟੇ ਹੇਠ ਲਗਾਇਆ ਗਿਆ, ਜਿੱਥੇ ਬਚਪਨ ਵਿਚ ਖ਼ੁਸ਼ਵੰਤ ਸਿੰਘ ਕਦੇ ਖੇਡੇ ਸੀ। ਸੰਗਮਰਮਰ ਦੀ ਪਲੇਟ ਲਗਾਉਂਣ ਉਪਰੰਤ ਫ਼ਕੀਰ ਸੈਈਦ ਨੇ ਸਕੂਲ ਦੇ ਅਧਿਆਪਕਾਂ , ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਦੇ ਸਾਹਮਣੇ ਖੁਸ਼ਵੰਤ ਸਿੰਘ ਵਲੋਂ ਕੀਤੇ ਜਪੁ ਬਾਣੀ ਦੇ ਅਰਥ ਪੜਦੇ ਅਰਦਾਸ ਕੀਤੀ।
ਖੁਸ਼ਵੰਤ ਸਿੰਘ ੧੯੮੭ ਵਿਚ ਜਿਸ ਵੇਲੇ ਹਦਾਲੀ ਆਏ ਤਾਂ ਉਦੋਂ ਵੀ ਕਸਬੇ ਦੇ ਸੱਜਣ ਉੱਥੇ ਇਕੱਠੇ ਹੋਏ ਸੀ।ਉਸ ਵੇਲੇ ਇਕੱਤਰ ਵੱਡੀ ਮੁਸਲਿਮ ਭੀੜ ਨੂੰ ਸੰਬੋਧਤ ਕਰਦੇ ਖ਼ੁਸ਼ਵੰਤ ਸਿੰਘ ਜੀ ਦਾ ਕਹਿਣਾ ਸੀ ਕਿ 'ਮੇਰੇ ਲਈ ਹਦਾਲੀ ਆਉਂਣਾ ਉਂਝ ਹੀ ਹੈ ਜਿਵੇਂ ਤੁਸੀ  ਹੱਜ ਕਰਨ ਮੱਕੇ-ਮਦੀਨੇ ਜਾਂਦੇ ਹੋ'! ਕਸਬੇ ਦੇ ਲੋਕਾਂ ਨੂੰ ਖ਼ੁਸ਼ਵੰਤ ਸਿੰਘ ਨੇ 'ਸਤਿ ਸ਼੍ਰੀ ਅਕਾਲ' ਕਰਕੇ ਬੁਲਾਇਆ ਸੀ।
" ਲੋਕਾਂ ਨੂੰ ਖ਼ੁਸ਼ਵੰਤ ਸਿੰਘ ਤੇ ਮਾਣ ਹੈ। ਸੰਗਮਰਮਰ ਦਾ ਸਮ੍ਰਿਤੀ ਚਿੰਨ ਲਾਗਾਉਂਣ ਵੇਲੇ ਮੈਂਨੂੰ ਖ਼ੁਸ਼ਵੰਤ ਸਿੰਘ ਦੀ ਇਕ ਅਦ੍ਰਿਸ਼ ਮੌਜੂਦਗੀ ਦਾ ਇਹਿਸਾਸ ਹੋਇਆ। ਇਹ ਤਕਰੀਬਨ ਇੰਝ ਸੀ ਜਿਵੇਂ ਕਿ ਖੁਸ਼ਵੰਤ ਸਿੰਘ ਨੇ ਮੇਰੇ ਨਾਲ ਸਰਹੱਦ ਨੂੰ ਪਾਰ ਕੀਤਾ ਸਿਰਫ਼ ਹਦਾਲੀ ਤੇ ਮਜੂਦ ਹੋਂਣ ਲਈ" ਇਹ ਅਲਫ਼ਾਜ਼ ਸਨ ਫ਼ਕੀਰ ਸੈਈਦ ਐਜਾਜ਼ੁਦੀਨ ਦੇ ਜਿਨਾਂ ਅੱਗੇ ੪ ਮਾਰਚ ੨੦੧੪ ਨੂੰ ਖੁਸ਼ਵੰਤ ਸਿੰਘ ਨੇ ਹਦਾਲੀ ਵਿਚ ਦਫ਼ਨ ਹੋਂਣ ਦੀ ਇੱਛਾ ਜਾਹਿਰ ਕੀਤੀ ਸੀ, ਜਿਸ ਨੂੰ ਪਰਿਵਾਰ ਵਲੋਂ ਦਿੱਤੀ ਇਕ ਮੁੱਠੀ ਰਾਖ਼ ਅਤੇ ਸੀਮੰਟ ਰਾਹੀਂ ਯਾਦਗਾਰੀ ਪਲੇਟ ਲਗਾ ਕੇ ਪੁਰਾ ਕੀਤਾ ਗਿਆ।
ਅੱਜ ਇਸ ਪਲੇਟ ਤੇ ਖ਼ੁਸ਼ਵੰਤ ਸਿੰਘ ਦੇ ਇਹ ਅਲਫ਼ਾਜ਼ ਅੰਕਿਤ ਹਨ:-
"ਇਕ ਸਿੱਖ, ਇਕ ਸਕਾਲਰ ਅਤੇ ਹਦਾਲੀ ਪੰਜਾਬ ਦਾ ਇਕ ਪੁੱਤਰ।ਇਹ ਉਹ ਹੈ ਜਿੱਥੇ ਮੇਰੀਆਂ ਜੜਾਂ ਹਨ। ਮੈਂ ਇਨਾਂ ਦਾ ਪੋਸ਼ਣ, ਅਤੀਤ ਵਿਚ ਗੁਆਚ ਜਾਣ ਤੋਂ ਉੱਤਪੰਨ ਪੀੜਾ ਅਤੇ ਖੁਸ਼ੀ ਦੀ ਮਿਲੀ-ਜੁਲੀ ਭਾਵਨਾ ਦੇ ਹੰਜੂਆਂ ਨਾਲ  ਕੀਤਾ ਹੈ"
ਕਈਂ ਹੋਰ ਗਲਾਂ ਦੇ ਨਾਲ ਅੱਜ ਖੁਸ਼ਵੰਤ ਦਾ ਹਦਾਲੀ ਦੋ ਨੁਕਤਿਆਂ ਨੂੰ ਉਜਾਗਰ ਕਰਦਾ ਹੈ। ਪਹਿਲਾ-ਭਾਵੇਂ ਇਸਲਾਮ ਅੰਦਰ ਮ੍ਰਿਤ ਸਰੀਰ ਨੂੰ ਜਲਾਉਂਣਾ ਵਰਜਿਤ ਹੈ, ਪਰ ਹਦਾਲੀ ਦੇ ਮੁਸਲਿਮ ਲੋਕਾਂ ਨੇ ਜਲੇ ਹੋਏ ਸਰੀਰ ਦੀ ਰਾਖ਼  ਨੂੰ ਆਪਣੇ ਧਾਰਮਕ ਅਕੀਦੇ ਨਾਲ ਰਲਗੱਡ ਨਹੀਂ ਕੀਤਾ। ਦੂਜਾ -ਧਾਰਮਕ ਭਾਵਨਾਵਾਂ ਤੇ ਅਧਾਰਤ ਖ਼ੂਨੀ ਬਟਵਾਰੇ ਤੋਂ, ਅੰਤਮ ਸਮੇਂ ਤਕ ਪੀੜਤ ਖੁਸ਼ਵੰਤ ਸਿੰਘ ਦੇ ਅਲਫ਼ਾਜ਼ਾਂ ਵਿਚ, ਇਕ ਸਿੱਖ ਹੋਂਣ ਦਾ ਮਾਣ !
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਗੁਰੂ ਗੰਥ ਸਾਹਿਬ, ਪੰਨਾ ੭੬੬)
      ਹਰਦੇਵ ਸਿੰਘ, ਜੰਮੂ-੨੪.੪.੨੦੧੪

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.