ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਕਿਸ ਤੇ ਵਰਤਣ ਲਈ ਹੈ?
ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਕਿਸ ਤੇ ਵਰਤਣ ਲਈ ਹੈ?
Page Visitors: 2724

ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਕਿਸ ਤੇ ਵਰਤਣ ਲਈ ਹੈ?
ਹਰਦੇਵ ਸਿੰਘ, ਜੰਮੂ
ਕੁੱਝ ਦਿਨ ਪਹਿਲਾਂ ਗਿਆਨੀ ਅਵਤਾਰ ਸਿੰਘ, ਸੰਪਾਦਕ ਮਿਸ਼ਨਰੀ ਸੇਧਾਂ ਵਲੋਂ, ਪੱਕੀ-ਕੱਚੀ ਬਾਣੀ ਬਾਰੇ ਇਕ ਲੇਖ ਛੱਪਿਆ, ਜੋ ਕਿ ਚਰਚਾ ਦਾ ਵਿਸ਼ਾ ਬਣਿਆ।ਉਸ ਲੇਖ ਪ੍ਰਤੀ ਮੇਰੇ ਵਿਚਾਰ ਕੁੱਛ ਥਾਂ ਭਿੰਨ ਹਨ, ਪਰ ਗਿਆਨੀ ਜੀ ਵਲੋਂ ਪ੍ਰਗਟਾਏ ਵਿਚਾਰ ਦਲੀਲ ਯੁਕਤ ਸਨ, ਜਿਨ੍ਹਾਂ ਨੂੰ ਲੈ ਕੇ  ਜਾਪ ਬਾਰੇ, ਵਿਆਕਰਣ ਅਧਾਰਤ ਸਵਾਲ ਪੁੱਛੇ ਗਏ। ਗਿਆਨੀ ਜੀ ਚੁੱਕਿ ਵਿਆਕਰਣ ਦੇ ਜਾਣਕਾਰ ਹਨ, ਇਸ ਲਈ ਦਲਬੀਰ ਸਿੰਘ ਜੀ ਨੇ ਗਿਆਨੀ ਜੀ ਵਲੋਂ ਦਿੱਤੇ ਜਵਾਬਾਂ ਤੋਂ ਨਿਰੁੱਤਰ ਹੋ, ਮਰਜੀ ਦੇ ਭਾਵ ਅਰਥਾਂ ਦੀ ਅੋਟ ਲੇਣ ਵੱਲ ਰੂਖ ਕਰ ਲਿਆ।
ਖ਼ੈਰ, ਕੁੱਝ  ਸੱਜਣ ਕੇਵਲ ਗੁਰਬਾਣੀ ਦੀ ਕਸਵਟੀ ਵਰਤਣ ਦੀ ਗਲ ਕਰਦੇ ਹਨ। ਇਸ ਵਿਚ ਕੋਈ ਮਾੜੀ ਗਲ ਵੀ ਨਹੀਂ ਨਾ ਹੀ ਇਸ ਤੇ ਕਿਸੇ ਨੂੰ ਇਤਰਾਜ਼ ਹੈ।ਪਰ ਸਵਾਲ ਇਹ ਕਿ ਆਖ਼ਰ ਗੁਰਬਾਣੀ ਦੀ ਕਸਵਟੀ ਕਿਸ ਨੂੰ ਪਰਖਣ ਲਈ ਵਰਤਣੀ ਹੈ ? ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਖਣ ਲਈ ? ਨਿਰਸੰਦੇਹ; ਨਹੀਂ। ਇਹ ਇਕ ਬੜਾ ਬੇਤੁੱਕਾ ਵਿਚਾਰ ਹੋਵੇਗਾ ਕਿ ਸਾਡੇ ਵਿਚੋਂ ਕੋਈ ਸੱਜਣ ਇਹ ਕਹੇ, ਕਿ ਅਸੀਂ ਗੁਰੂ ਨੂੰ ਪਰਖਣ ਲਈ ਗੁਰਬਾਣੀ ਦੀ ਕਸਵਟੀ ਵਰਤਣੀ ਹੈ। ਗੁਰਬਾਣੀ ਦੀ ਕਸਵਟੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਖਣ ਵਾਸਤੇ ਨਹੀਂ,ਬਲਕਿ ਇਹ ਆਤਮ ਵਿਵਹਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਸਾਮਗ੍ਰੀ ਨੂੰ ਪਰਖਣ ਵਾਸਤੇ ਹੈ। ਇਸ ਲਈ ਪਰਖ ਉਪਰੰਤ, ਸਹੀ ਜਾਂ ਗਲਤ ਮਿਲਣ ਦੀ ਸੰਭਾਵਨਾ ਵੀ ਬਾਹਰੀ ਸਾਮਗ੍ਰੀ ਵਿਚ ਹੈ। ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਭ ਸਹੀ ਹੈ ਹੀ, ਇਸ ਲਈ ਉਸ ਨੂੰ ਕੀ ਪਰਖਣਾ ?
ਹਾਂ, ਅਸੀਂ ਬਾਣੀ ਵਿਚਾਰਦੇ ਹਾਂ ਪਰ, ਸਾਡੇ ਵੱਲੋਂ ਗੁਰਬਾਣੀ ਸ਼ਬਦਾਂ ਨੂੰ ਵਿਚਾਰਨ ਦਾ ਭਾਵ, ਗੁਰੂ ਉਪਦੇਸ਼ਾਂ ਨੂੰ ਪਰਖਣਾ ਨਹੀਂ ਬਲਕਿ ਸ਼ਬਦ ਵਿਚਾਰਦੇ ਆਪਣੀ ਸਮਝ ਆਪਣੇ ਵਿਵਹਾਰ ਨੂੰ ਪਰਖਣਾ ਹੈ। ਸਪਸ਼ਟ ਹੈ ਕਿ ਸਿੱਖ ਨੇ ਸੰਸਾਰਕ ਕਾਰ-ਵਿਹਾਰ ਅਤੇ ਆਲੇ ਦੁਆਲੇ ਦੇ ਲਿਖਤੀ ਜਾਂ ਮੌਖਿਕ ਵਿਚਾਰਾਂ ਨੂੰ ਵੀ ਪਰਖਣ ਲਈ ਗੁਰਬਾਣੀ ਦੀ ਕਸਵਟੀ ਵਰਤਣੀ ਹੈ। ਇਹ ਇਕ ਬਾਰੀਕ ਨੁੱਕਤਾ ਹੈ ਜਿਸ ਤੇ ਕੁੱਝ ਸੱਜਣਾ ਨੂੰ ਵਿਚਾਰ ਦੀ ਲੋੜ ਹੈ। ਇਹ ਹੈ ਪਹਿਲੀ ਗੱਲ!
ਹੁਣ ਦੂਜੀ ਗੱਲ! ਜੇ ਕਰ ਇਹ ਸਪਸ਼ਟ ਹੈ ਕਿ ਗੁਰਬਾਣੀ ਦੀ ਕਸਵਟੀ ਅਸੀਂ ਆਪਣੀ ਕਾਰ ਵਿਹਾਰ, ਅਤੇ ਆਲੇ ਦੁਆਲੇ ਦੀਆਂ ਲਿਖਤੀ ਜਾਂ ਮੌਖਿਕ ਵਿਚਾਰਧਾਰਾਵਾਂ ਨੂੰ ਪਰਖਣ ਲਈ ਕਰਨੀ ਹੈ, ਤਾਂ ਸੁਭਾਵਕ ਤੌਰ ਤੇ, ਗੁਰਬਾਣੀ ਦੀ ਕਸਵਟੀ ਤੇ ਪੁਰਾ ਉਤਰਣ, ਜਾਂ ਨਾ ਉਤਰਣ ਵਾਲਾ ਵਿਚਾਰ ਜਾਂ ਲਿਖਤ, ਗੁਰਬਾਣੀ ਦੇ ਬਾਹਰ ਦੀ ਹੀ ਹੋਵੇਗੀ। ਆਉ ਇਸ ਬਾਰੇ ਕੁੱਝ ਵਿਚਾਰ ਕਰੀਏ।
ਕਿਸੇ ਲਿਖਤ ਵਿਚ ੧੦ ਵਿਚਾਰ ਲਿਖੇ ਗਏ ਹਨ। ਅਸੀਂ ਉਸ ਪੁਸਤਕ ਨੂੰ  ਪੜਦੇ ਹਾਂ ਅਤੇ ਗੁਰਬਾਣੀ ਦੀ ਕਸਵਟੀ ਤੇ ਪਰਖਦੇ ਹਾਂ। ਵਿਚਾਰਨ ਤੇ ਪਤਾ ਚਲਦਾ ਹੈ ਕਿ ਉਹ ਪੁਸਕਤ ਵਿਚ ਲਿਖੇ ੧੦ ਵਿਚਾਰਾਂ ਵਿਚੋਂ ੪ ਵਿਚਾਰ ਗੁਰਬਾਣੀ ਦੀ ਕਸਵਟੀ ਤੇ ਪੁਰੇ ਉਤਰਦੇ ਹਨ। ਹੁਣ ਕੀ ਕਰਾਂਗੇ ? ਉਨ੍ਹਾਂ ੪ ਵਿਚਾਰਾਂ ਨੂੰ ਅਖੋਤੀ ਕਹਾਂ ਗੇ ?  ਜੇ ਕਰ ਕਹਿੰਦੇ ਹਾਂ, ਤਾਂ ਇਸ ਦਾ ਸਿੱਧਾ ਜਿਹਾ ਅਰਥ ਇਹ ਹੋਇਆ, ਕਿ ਅਸੀਂ ਐਸੇ ਛੱਦਮ ਅਤੇ ਭੇਖੀ ਵਿਚਾਰਕ ਹਾਂ ਜੋ ਕਿ ਗੁਰਬਾਣੀ ਦੀ ਕਸਵਟੀ ਵਰਤਣ ਦਾ ਢੋਂਗ ਮਾਤਰ ਕਰਦੇ ਹਾਂ ਜਦ ਕਿ, ਵਾਸਤਵ ਵਿਚ, ਇਸ ਪੱਖੋਂ, ਅਸੀਂ ਆਪ ਹੀ ਗੁਰੂ ਦੀ ਕਸਵਟੀ ਤੇ ਪੁਰੇ ਨਹੀਂ।
ਸਿੱਖ ਦਾ ਹੋਣ ਦਾ ਇਕ ਭਾਵ ਅਰਥ ਇਹ ਵੀ ਹੈ, ਕਿ ਉਹ ਸੰਸਾਰ ਵਿਚ 'ਸੰਯੋਜਿਤ' ਅਤੇ 'ਅਰਜਿਤ' ਗਿਆਨ ਨੂੰ ਵਿਚਾਰਨ, ਅਤੇ ਉਸ ਗਿਆਨ ਦੀ ਵਰਤੋਂ ਵੇਲੇ, ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਦਾ ਇਸਤੇਮਾਲ ਕਰੇ। ਇਹ ਇਸਤੇਮਾਲ ਵੀ ਉਹੀ ਬੰਦਾ ਕਰ ਸਕਦਾ ਹੈ ਜਿਸ ਨੂੰ ਗੁਰਮਤਿ ਦੀ ਕਸਵਟੀ ਵਰਤਣ ਦੀ ਜਾਚ ਹੋਵੇ। ਕੇਵਲ ਹੱਥ ਵਿਚ ਫੱੜ ਲੇਣ ਜਾਂ ਕਸਵਟੀ, ਕਸਵਟੀ, ਕਸਵਟੀ ਦਾ ਰੋਲਾ ਪਾਉਣ ਨਾਲ ਗੱਲ ਨਹੀਂ ਬਣਦੀ। ਗ੍ਰਹਿਣ ਕੀਤੇ ਸੰਸਾਰਕ ਗਿਆਨ, ਅਤੇ ਉਸਦੀ ਵਰਤੋਂ ਵਿਚੋਂ ਜੋ ਵੀ ਗੁਰੂ ਜੀ ਦੇ ਮਾਣਕ ਤੇ ਸਹੀ ਉੱਤਰੇ, ਤਾਂ ਉਹ ਕਥਨ ਜਾਂ ਵਿਚਾਰ, ਗੁਰਮਤਿ ਅਨੁਸਾਰੀ ਹੋਣ ਕਾਰਨ, ਸਤਿਕਾਰ ਯੋਗ ਹੈ। ਜੋ  ਗੁਰਮਤਿ ਅਨੁਸਾਰੀ ਵਿਚਾਰ ਨੂੰ ਅਖੋਤੀ  ਕਹੇ ਤਾਂ ਸਮਝ ਲਈਏ ਕਿ ਉਹ, ਇਸ ਪੱਖੋਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਪੂਰਾ ਨਹੀਂ।
ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਵਰਤਣ ਦਾ ਦਾਵਾ ਕਰਨ ਵਾਲੇ ਇਨ੍ਹਾਂ ਸੱਜਣਾ ਨੂੰ ਕੋਈ ਇਹ ਪੁੱਛੇ, ਕਿ ਆਪਣੇ ਵਲੋਂ ਪਰਖੀ ਗਈਆਂ ਪੁਸਤਕਾਂ ਵਿਚੋਂ, ਇਨ੍ਹਾਂ ਨੂੰ ਅੱਜ ਤਕ ਕੋਈ ਵੀ ਗੱਲ ਗੁਰਮਤਿ ਅਨੁਸਾਰੀ ਨਹੀਂ ਲੱਗੀ ? ਜੇ ਲੱਗੀ ਹੈ ਤਾਂ ਉਹ ਕਿਹੜੀਆਂ ਪੁਸਤਕਾ ਹਨ ਅਤੇ ਕਿਹੜੀਆਂ ਗੱਲਾਂ ਹਨ ? ਪਰ ਵਿਚਾਰਕ ਖੌਖਲੇਪਨ ਵਿਚ ਇਨ੍ਹਾਂ ਸਵਾਲਾਂ ਨੂੰ ਵਿਚਾਰਨ ਦੀ ਕੋਈ ਥਾਂ ਨਹੀਂ। ਉਸ ਵਿਚ ਕੇਵਲ ਵਿਵਾਦ ਅਤੇ ਭੰਭਲਭੂਸੇ ਖੜੇ ਕਰਨ ਲਈ ਥਾਂ ਬੱਚੀ ਹੈ।ਹਰਦੇਵ ਸਿੰਘ, ਜੰਮੂ-੦੮.੦੬.੨੦੧੪

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.