ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਵਿਗਿਆਨ ਸਾਡਾ ਅਧਿਆਤਮਕ ਗੁਰੂ ਨਹੀਂ’
‘ਵਿਗਿਆਨ ਸਾਡਾ ਅਧਿਆਤਮਕ ਗੁਰੂ ਨਹੀਂ’
Page Visitors: 2687

‘ਵਿਗਿਆਨ ਸਾਡਾ ਅਧਿਆਤਮਕ ਗੁਰੂ ਨਹੀਂ’
 ਕਿਸੇ ਬਹੁਤ ਉੱਚੀ ਇਮਾਰਤ ਦੀ ਛੱਤ ਦੇ ਬਿਲਕੁਲ ਕੰਢੇ ਆ ਖੜੇ ਛੋਟੇ ਜਿਹੇ ਬਾਲਕ ਨੂੰ ਬਚਾਉਣ ਲਈ, ਭਾਵਨਾ ਦੇ ਨਾਲ-ਨਾਲ ਯੁੱਕਤੀ ਵੀ ਦਰਕਾਰ ਹੁੰਦੀ ਹੈ, ਕਿਉਂਕਿ ਜੇ ਕਰ ਬਚਾਉਂਣ ਲੱਗੇ ਸੱਜਣ ਦੇ ਆਪਣੇ ਹੱਥ ਦੇ ਧੱਕੇ ਨਾਲ ਹੀ, ਬਾਲਕ ਛੱਤ ਤੋਂ ਹੇਠ ਆ ਡਿੱਗੇ ਤਾਂ ਬਾਲਕ ਦੀ ਜਾਨ ਜਾਏਗੀ, ਅਤੇ ਬਚਾਉਂਣ ਦੀ ਸਾਰੀ ਭਾਵਨਾ ਵੀ ਚਕਨਾਚੂਰ ਹੋਵੇਗੀ। ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ, ਪਰ ਜੇ ਕਰ ਬਚਾਉਂਣ ਵਾਲਾ, ਸਾਵਧਾਨੀ ਭਰੀ ਯੁਕਤੀ ਵਰਤਣ ਦੀ ਸਲਾਹ ਦੇ ਬਾਵਜੂਦ ਅਸਾਵਧਾਨੀ ਵਰਤੇ, ਤਾਂ ਇਹ ਗਲਤੀ ਨਹੀਂ, ਬਲਕਿ ਮਾਰੂ ਮੂਰਖਤਾ ਹੀ ਕਹੀ ਜਾਏਗੀ।
ਪ੍ਰਚਾਰ ਖੇਤਰ ਵਿਚ ਮਹੱਤਵਪੁਰਣ ਸਾਂਝੀਆਂ ਮਾਨਤਾਵਾਂ ਬਾਰੇ ਨਵੇਂ ਨਿਰਨਾਯਕ ਸਿੱਟੇ ਠੋਸਣ ਤੋਂ ਪਹਿਲਾਂ ਬੁੱਧੀਸੰਪਨ ਵਿਚਾਰ ਚਰਚਾ ਦਾ ਹੋਂਣਾ ਲਾਜ਼ਮੀ ਹੈ, ਨਹੀਂ ਤਾਂ ਕਾਫੀ ਕੁੱਝ ਐਸਾ ਚਕਨਾਚੂਰ ਹੋ ਸਕਦਾ ਹੈ ਜਿਸਨੂੰ ਦਰਅਸਲ ਅਸੀਂ ਬਚਾਉਂਣਾ ਚਾਹੁੰਦੇ ਹਾਂ।
 ਵਿਚਾਰਕ ਅਭਿਵਿਯੱਕਤੀ ਵਿਚਾਰਾਂ ਦੇ ਵਟਾਂਦਰੇ ਦਾ ਸਾਧਨ ਹੈ, ਪਰ ਵਿਚਾਰਾਂ ਦੇ ਪ੍ਰਗਟਾਵੇ ਦਾ ਅਰਥ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਪ੍ਰਗਟਾਵੇ ਅੰਦਰ ਹੀ ਨਿਰੋਲ ਸੱਤਿਯ ਨੂੰ ਪ੍ਰਾਪਤ ਕਰ ਲਿਆ ਗਿਆ ਹੈ। ਬਲਕਿ ਇਸਦਾ ਭਾਵ ਸੱਤਿਯ ਦੇ ਨਰੀਖਣ ਅਤੇ ਉਸ ਨੂੰ ਸਮਝਣ ਦੀ ਸੰਭਾਵਨਾ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਹੈ। ਇਹ ਜਿੰਮੇਵਾਰੀ ਦਾ ਭਾਵ ਹੈ। ਜੇ ਕਰ ਕੋਈ ਧਿਰ ਐਸਾ ਭਾਵ ਰੱਖਦੀ ਹੈ, ਤਾਂ ਉਹ ਆਪਣੇ ਵੱਲੋਂ ਕੱਢੇ ਕਿਸੇ ਨਵੇਂ ਸਿੱਟੇ ਨੂੰ ਅੰਤਿਮ ਮੰਨ ਕੇ ਦੂਜੇ ਤੇ ਠੋਸਣ ਤੋਂ ਪਰਹੇਜ਼ ਕਰੇਗਾ।
ਨਰੀਖਣ ਅਤੇ ਵਿਚਾਰ ਦੀ ਆਪਣੀ ਅਜ਼ਾਦੀ ਵਰਤਣ ਸਮੇਂ, ਗੁਰੂ ਸਾਹਿਬਾਨ ਦੀ ਸਿੱਖਆਤਮਕ ਅਜ਼ਾਦੀ ਨੂੰ ਨਜ਼ਰਅੰਦਾਜ਼ ਕਰਨਾ ਉੱਚਿਤ ਨਹੀਂ। ਐਸੀ ਨਜ਼ਰਅੰਦਾਜ਼ੀ ਉੱਤਪਾਤ ਦੀ ਨਿਸ਼ਾਨੀ ਹੈ।ਭਲਾ ਇਹ ਪਹੂੰਚ ਕਿਵੇਂ ਤਰਕਸੰਗਤ ਹੋ ਸਕਦੀ ਹੈ ਕਿ ਕੋਈ ਆਪਣੀ ਅਭਿਵਿਯੱਕਤੀ ਦੀ ਸਵਤੰਤਰਤਾ ਦੀ ਵਕਾਲਤ ਕਰਦੇ ਹੋਏ, ਗੁਰੂ ਦੀ ਸਿੱਖਿਆਤਮਕ ਸਵਤੰਤਰਤਾ ਨੂੰ ਸਵੀਕਾਰ ਹੀ ਨਾ ਕਰੇ? ਜੋ ਇਸ ਸਵਾਲ ਨੂੰ ਨਹੀਂ ਵਿਚਾਰਦੇ ਉਹ ਸੱਜਣ ‘ਗੁਰੂ ਇੰਝ ਕਿਵੇਂ ਕਰ ਸਕਦਾ, ‘ਗੁਰੂ ਉਂਝ ਕਿਵੇਂ ਕਰ ਸਕਦਾ ਹੈ’, ‘ਅਸੀਂ ਇੰਝ ਕਰੀ ਜਾ ਰਹੇ ਹਾਂ’ ਅਦਿ ਜੁਮਲੇ ਹੀ ਵਰਤਦੇ ਰਹਿੰਦੇ ਹਨ। ਉਹ ਕੇਵਲ ਖੁਸ਼ਕ ਵਿਗਿਆਨਕ ਦ੍ਰਿਸ਼ਟੀਕੋਂਣ ਦੇ ਸ਼ਿਕਾਰ ਹਨ। ਐਸੇ ਸੱਜਣਾਂ ਬਾਰੇ ਕਈਂ ਵਾਰ ਇੰਝ ਜਾਪਦਾ ਹੈ ਕਿ ਉਨ੍ਹਾਂ ਦੇ ਦ੍ਰਿਸ਼ਟੀਕੋਂਣ ਵਿਚ ਵੜੀਆ ਵਿਗਿਆਨ ਉਨ੍ਹਾਂ ਦਾ ਗੁਰੂ ਬਣ ਚੁੱਕਾ ਹੈ।
ਵਿਗਿਆਨ ਲਾਹੇਵੰਧ ਹੈ ਮਾੜੀ ਗਲ ਨਹੀਂ, ਪਰੰਤੂ ਗੁਰਬਾਣੀ ਵਿਗਿਆਨਕ ਆਦੇਸ਼ਤ ਨਾ ਹੋ ਕੇ ਗੁਰੂ ਉਪਦੇਸ਼ਤ ਹੈ।ਵਿਗਿਆਨਕ ਆਦੇਸ਼ਤ ਸਮਾਜ ਅਤੇ ਸੋਚ ਅੰਦਰ ਸੰਵੇਦਨਾਵਾਂ ਅਤੇ ਲਚੀਲੇਪਨ ਦੀ ਘਾਟ ਹੁੰਦੀ ਹੈ।ਇਹ ਘਾਟ ਇਕ ਪ੍ਰਕਾਰ ਦੀ ਅਸੁਖਾਂਵੀ ਕਠੋਰਤਾ ਦੀ ਉੱਤਪਤੀ ਦਾ ਕਾਰਣ ਬਣਦੀ ਹੈ।ਵਿਚਾਰ ਦੀ ਲੋੜ ਹੈ ਕਿ ਕਿਸੇ ਮਨੁੱਖ ਦੇ ਸਮਸਤ ਵਿਵਹਾਰ ਪ੍ਰਤੀ ਕਠੋਰਚਿੱਤ ਹੋਂਣ ਵਾਲਾ ਬੰਦਾ, ਕੀ ਉਸ ਮਨੁੱਖ ਨਾਲ ਪਿਆਰ ਦੀ ਸਾਂਝ ਪਾ ਸਕਦਾ ਹੈ? ਕਿਸੇ ਬਹੁਭਾਂਤ ਸਮਾਜ ਦੇ ਸਮਸਤ ਵਿਵਹਾਰ ਪ੍ਰਤੀ ਕਠੋਰਚਿੱਤ ਹੋਂਣ ਵਾਲਾ ਬੰਦਾ, ਕੀ ਉਸ ਸਮਾਜ ਪ੍ਰਤੀ ਪਿਆਰ ਦਾ ਅਮਲੀ ਹੋ ਸਕਦਾ ਹੈ?  ਜੇ ਕਰ ਨਹੀਂ ਤਾਂ ਸਰਬਤ ਦਾ  ਭਲਾ ਮੰਗਣ ਵਾਲਿਆਂ ਨੂੰ ਐਸੀ ਕਠੋਰਤਾ ਤੋਂ ਬੱਚਣਾ ਚਾਹੀਦਾ ਹੈ ਜੋ, ਆਪਣੇ ਭ੍ਰਿਸ਼ਟ ਰੂਪ ਵਿਚ, ਬੰਦੇ ਨੂੰ ਗੁਰੂ ਉਪਦੇਸ਼ਤ ਸਾਂਝੀਵਾਲਤਾ ਤੋਂ ਵਂਚਿਤ ਕਰ ਸਕਦੀ ਹੈ।
ਅਸੀਂ ਇੱਕਲੇ ਨਹੀਂ ਸੀ ਹੋ ਸਕਦੇ ਇਸ ਲਈ ਅਸੀ ਮਨੁੱਖੀ ਅਨੰਤਤਾ ਨਾਲ ਜੁੜੇ ਹਾਂ। ਜੋ ਇਸ ਸ਼੍ਰੰਖਲਾ ਨੂੰ ਸਮਝਦਾ ਹੈ ਉਹ ਆਰੰਭਕ ਅਤੇ ਵਰਤਮਾਨ ਸਰਬਤ ਨਾਲ ਜੁੜੇ ਆਪਣੇ ਸਰੋਕਾਰ ਤੋਂ ਮੁਨਕਰ ਨਹੀਂ ਹੋ ਸਕਦਾ। ਵਿਗਿਆਨ ਇਸ ਸ਼੍ਰੰਖਲਾ ਨੂੰ ਸਮਝਣ ਦਾ ਸਰੋਤ ਹੋ ਸਕਦਾ ਹੈ, ਪਰ ਇਸ ਨਾਲ ਪਿਆਰ ਪਾਉਂਣ ਦਾ ਉਪਦੇਸ਼ਕ ਨਹੀਂ! ਵਿਗਿਆਨ ਨੇ ਮਨੁੱਖ ਨੂੰ ਸ਼ਕਤੀਮਾਨ ਬਣਾਇਆ ਹੈ ਪਰ ‘ਸ਼ਕਤੀਮਾਨ’ ਮਨੁੱਖ ਦੀ ਮੁੱਕਤੀ ਆਖਰਕਾਰ ਉਸਦੇ ‘ਭਗਤੀਮਾਨ’ ਹੋਂਣ ਵਿਚ ਹੈ। ਗੁਰਮਤਿ ਸ਼ਕਤੀਮਾਨ ਹੋ ਕੇ ਭਗਤੀਮਾਨ ਹੋਂਣ ਦੀ ਜੁਗਤ ਨਹੀਂ ਬਲਕਿ ਭਗਤੀਮਾਨ ਹੋ ਕੇ ਸ਼ਕਤੀਮਾਨ ਹੋਂਣ ਦੀ ਜੁਗਤ ਸਿਖਾਉਂਦੀ ਹੈ। ਗੁਰੂ ਦੀ ਇਹ ਅਨਮੋਲਤਾ ਵਿਗਿਆਨ ਵਿਚ ਨਹੀਂ ਬਲਕਿ ਗੁਰੂ ਦੇ ਉਪਦੇਸ਼ਾਂ ਅੰਦਰ ਹੈ। 

ਹਰਦੇਵ ਸਿੰਘ,ਜੰਮੂ-04.01.2015

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.