ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
# - ਭੇਖੀ ਸੰਤ ਅਤੇ ਡੇਰੇਦਾਰ - #
# - ਭੇਖੀ ਸੰਤ ਅਤੇ ਡੇਰੇਦਾਰ - #
Page Visitors: 2689

#  -  ਭੇਖੀ ਸੰਤ ਅਤੇ ਡੇਰੇਦਾਰ  -  #
ਸਿੰਘ ਸਭਾ ਲਹਿਰ ਦੀਆਂ ਕਈਂ ਪ੍ਰਾਪਤੀਆਂ ਸਨ ਜਿਨ੍ਹਾਂ ਵਿਚੋਂ ਇਕ ਮੁੱਖ ਪ੍ਰਾਪਤੀ ਇਸ ਗਲ ਨੂੰ ਦ੍ਰਿੜ ਕਰਵਾਉਂਣਾ ਸੀ ਕਿ ਗੁਰੂਦੁਆਰੇ ਸਿੱਖਾਂ ਨਾਲ ਸਬੰਧਤ ਹਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਭਾਵ ਡੇਰੇਦਾਰ ਨਾਲ। ਭੇਖੀ ਸੰਤਾਂ ਅਤੇ ਡੇਰੇਦਾਰਾਂ ਦੇ ਚੁੰਗਲ ਤੋਂ ਗੁਰੂਦੁਆਰੇਆਂ ਦੇ ਪ੍ਰਬੰਧ ਨੂੰ ਮੁਕਤ ਕਰਵਾਉਂਣ ਵਿਚ ਕੌਮ ਜੱਥੇਬੰਦ ਹੋਈ ਸੀ।ਪਰੰਤੂ,ਅਪਵਾਦ ਛੱਡ ਕੇ, ਕਾਲਾਂਤਰ ਭੇਖੀ ਸੰਤਾਂ ਅਤੇ ਡੇਰੇਦਾਰਾਂ ਦੀ ਜਮਾਤ ਅੱਜ ਫਿਰ ਇਕ ਚੁਨੌਤੀ ਬਣ ਕੇ ਸ੍ਹਾਮਣੇ ਖੜੀ ਹੈ।ਹੁਣ ਤਾਂ ਰਾਜਨੀਤਕ ਪੀਂਗਾਂ ਵੀ ਵੱਡੀਆਂ ਨੇ!
ਭੇਖੀ ਦੀ ਵਿਆਖਿਆ ਵਿਸਤ੍ਰਤ ਹੈ ਜਿਸ ਵਿਚ ਭੇਖੀ ਗੁਰਮਤਿ ਅਨੁਸਾਰ ਪਰਵਾਣ ਨਹੀਂ।ਪਰ ਇਸ ਗਲ ਦੀ ਉਮੀਦ ਕੀਤੀ ਜਾਂਦੀ ਹੈ ਕਿ ਘੱਟੋ-ਘੱਟ ਧਰਮੀ ਅਖਵਾਉਂਣ ਵਾਲੇ ਡੇਰੇਦਾਰ ਜਾਂ ਸੰਤ ਭੇਖੀ ਨਾ ਹੋਂਣ।ਗੁਰਮਤਿ ਦੀ ਸਮਝ ਵਿਚ ਫਰਕ ਹੋ ਸਕਦਾ ਹੈ ਪਰ ਉਸ ਵਿਚ ਬੇਈਮਾਨੀ ਦਾ ਅੰਸ਼ ਅਗਿਆਨਤਾ ਨਾਲੋਂ ਬੁਰਾ ਸਾਬਤ ਹੁੰਦਾ ਹੈ।ਭੇਖੀ ਸੰਤਾਂ ਦੀ ਚੜਤ ਦਾ ਇਕ ਮੁੱਖ ਕਾਰਣ ਇਹ ਵੀ ਹੈ ਕਿ ਇਹ ਭੇਖੀ, ਡੇਰਿਆਂ ਤੇ ਆਉਂਣ ਵਾਲਿਆਂ ਦੇ ਨਿਕਟਵਰਤੀ ਹੁੰਦੇ ਹਨ।ਯਾਨੀ ਕਿ ਉਹ ਚਿੱਕਨੀਆਂ ਚੁੱਪੜੀਆਂ ਗਲਾਂ ਵੀ ਕਰਦੇ ਹਨ ਅਤੇ ਆਉਂਣ ਵਾਲੇਆਂ ਦੀ ਸੁਣਦੇ ਵੀ ਹਨ।ਇੱਧਰ ਗੁਰੂਘਰ ਦੇ ਪ੍ਰਬੰਧਕਾਂ ਵਿਚ ਹਲੀਮੀ ਦੀ ਘਾਟ, ਉੱਧਰ ਭੇਖੀਆਂ ਦੀ ਚੜਤ ਹੋ ਕੇ ਨਿੱਬੜ ਰਹੀ ਹੈ।ਪ੍ਰਬੰਧਕਾਂ ਦੇ ਮੁੰਹ ਇੰਝ ਸਖਤ ਜਿਹੇ ਰਹਿੰਦੇ ਹਨ ਜਿਵੇਂ ਕਿ ਬਾਟੇ ਦੇ ਅਖਰੋਟ।ਉੱਧਰ ਬਹੁਤੇ ਪ੍ਰਚਾਰਕ ਵੀ ਖੁਸ਼ਕੀ ਨਾਲ ਭਰੇ।ਨਕਲੀ ਮੁਸਕੁਰਾਹਟ ਤੇ ਸਖਤ ਲਹਿਜੇ! ਬੰਦਾ ਗੱਲ ਕਿਸ ਨਾਲ ਕਰੇ? ਸ਼ਕਲਾਂ ਇੰਝ ਜਿਵੇਂ ਕਿ ਹੱਸਣਾ ਮਨ੍ਹਾਂ ਹੈ।
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ॥ (314)
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀੳ॥(738)
  ਬੰਦਾ ਗੁਰੂ ਸਨਮੁੱਖ ਮੱਥਾ ਟੇਕੇ ਤਾਂ ਮਾੜਾ, ਬਾਬੇ ਅੱਗੇ ਟੇਕੇ ਤਾਂ ਮਾੜਾ।ਕੋਈ ਗੋਲਕ ਵਿਚ ਪੈਸੇ ਪਾਏ ਤਾਂ ਮਾੜਾ, ਕੋਈ ਬਾਬੇ ਨੂੰ ਚਾੜੇ ਤਾਂ ਮਾੜਾ! ਜੇ ਕਰ ਅੰਮ੍ਰਿਤ ਛੱਕ ਲੇ ਤਾਂ ਮਾੜਾ ਜੇ ਨਾ ਛੱਕੇ ਤਾਂ ਮਾੜਾ। ਪਾਠ ਨਾ ਕਰੇ ਤਾਂ ਮਾੜਾ ਜੇ ਕਰ ਕਰੇ ਤਾਂ ਮਾੜਾ।ਅਰਦਾਸ ਕਰੇ ਤਾਂ ਮਾੜਾ।ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰੇ ਤਾਂ ਮਾੜਾ।ਹੁਣ ਮਾੜੇਆਂ ਨੂੰ ਬਾਬੇ ਚੰਗੇ ਲੱਗਣ ਲੱਗ ਪਏ ਹਨ!
ਜੇ ਕਰ ਭੱਟਕਦੇਆਂ ਨੂੰ ਗੁਰਮਤਿ ਵਾਲੇ ਪਾਸੇ ਮੋੜਨਾ ਹੈ ਤਾਂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਆਮ ਸਿੱਖ ਦੇ ਜੀਵਨ ਵਿਚ ਆਪਣਾ ਯੋਗਦਾਨ ਪਾਉਂਣਾ ਪਵੇਗਾ।ਆਪਣੇ ਮਾੜੇ ਹਾਵ ਭਾਵ-ਤੌਰ ਤਰੀਕੇ ਬਦਲਣੇ ਪੇਂਣਗੇ।ਨਹੀਂ ਤਾਂ ਭੇਖੀਆਂ ਦੀ ਚੜਦੀਆਂ ਪੀਂਗਾ ਨੂੰ ਰੋਕਣਾ ਸੰਭਵ ਨਹੀਂ।
ਹਰਦੇਵ ਸਿੰਘ, ਜੰਮੂ-12.01.2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.