ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
& - ਜੀਵਨ ਅਤੇ ਵਿਆਕਰਣ ! - &
& - ਜੀਵਨ ਅਤੇ ਵਿਆਕਰਣ ! - &
Page Visitors: 2778

& - ਜੀਵਨ ਅਤੇ ਵਿਆਕਰਣ ! - &
ਅਨਪੜ ਇਹ ਸ਼ਬਦ ਅਕਸਰ ਉਸ ਸੱਜਣ ਲਈ ਵਰਤਿਆ ਜਾਂਦਾ ਹੈ ਜੋ ਬੋਲੀ-ਭਾਸ਼ਾ ਤਾਂ ਬੋਲ ਲੇਂਦਾ ਹੈ, ਪਰ ਲਿਖ-ਪੜ ਨਹੀਂ ਸਕਦਾ ਅਤੇ ਦਸਤਖ਼ਤ ਕਰਨ ਦੀ ਥਾਂ, ਅੰਗੂਠੇ ਦੀ ਛਾਪ ਲਗਾਉਂਦਾ ਹੈ।ਜਿਵੇਂ-ਜਿਵੇਂ ਕਾਲਾਂਤਰ ਅੱਜ ਤੋਂ ਪਿੱਛੇ ਨੂੰ ਜਾਈਏ ਤਾਂ ਅੰਗੂਠਾ ਛਾਪਾਂ ਦੀ ਤਾਦਾਦ ਵੱਧਧੀ ਜਾਂਦੀ ਹੈ।ਯਾਨੀ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਕ ਜਾਈਏ ਤਾਂ ਜ਼ਿਆਦਾਤਰ ਲੋਗ ਭੋਲੀ-ਭਾਸ਼ਾ ਤਾਂ ਬੋਲ ਲੇਂਦੇ ਸੀ, ਪਰ ਨਾ ਤਾਂ ਉਹ ਲਿਖ ਸਕਦੇ ਸੀ, ਅਤੇ ਨਾ ਹੀ ਲਿਖੇ ਹੋਏ ਨੂੰ ਪੜ ਸਕਦੇ ਸੀ।ਬਾਣੀ ਸੁਣ-ਸੁਣ ਕੇ ਕੰਠ ਹੁੰਦੀ ਜੀਵਨ ਵਿਚ ਉੱਤਰਦੀ ਸੀ।
ਸੁਣਨ ਵਿਚ ਅਨਪੜ ਬੰਦੇ ਨੂੰ ਛੋਟੀ-ਵੱਡੀ ‘ਸਿਆਰੀ’ ਜਾਂ ਛੋਟੇ-ਵੱਡੇ  ‘ਉ’ ਦੀ ਮਾਤ੍ਰਾ ਆਦਿ ਦਾ ਗਿਆਨ ਨਹੀਂ ਸੀ ਹੁੰਦਾ।ਫਿਰ ਵੀ ਪੜਨ-ਲਿਖਣ ਤੋਂ ਅਰਸਮਰਥ ਉਹ ਬੰਦੇ, ਅੱਜ ਦੇ ਪੰਜਾਬੀ ਪੜਨ-ਲਿਖਣ ਵਾਲਿਆਂ ਨਾਲੋਂ ਵੱਧ ਗੁਰੂ ਦੇ ਨੇੜੇ ਸੀ।ਆਮ ਬੋਲਚਾਲ ਵਾਰਤਕ ਰੂਪ (Prose) ਵਿਚ ਸੀ ਪਰ ਬਾਣੀ ਕਾਵਿ ਰੂਪ।ਹੁਣ ਇਕ ਸੁਭਾਵਕ ਜਿਹਾ ਸਵਾਲ ਉੱਠਦਾ ਹੈ ਕਿ ਬਾਣੀ ਦੀਆਂ ਲੱਗਾਂ-ਮਾਤ੍ਰਾਵਾਂ ਨੂੰ ਪੜ ਸਕਣ ਤੋਂ ਅਸਮਰਥ ਉਹ ਸਿੱਖ, ਕਾਵਿ ਰੂਪ ਬਾਣੀ ਨੂੰ ਕਿਵੇਂ ਸਮਝ ਉਸ ਨਾਲ ਡੂੰਗੀ ਸਾਂਝ ਪਾ ਲੇਂਦੇ ਸੀ ?
ਮੈਂ ਇਹ ਸਵਾਲ ਚੰਦ ਕੁ ਸੱਜਣਾਂ ਨੂੰ ਪੁੱਛ ਚੁੱਕਿਆ ਹਾਂ।ਜਵਾਬ ਵਿਚ ਮੈਂਨੂੰ ਇਹ ਦੱਸਿਆ ਗਿਆ ਕਿ ਬਾਣੀ ਉਸ ਸਮੇਂ ਬੋਲਚਾਲ ਦੀ ਆਮ ਭਾਸ਼ਾ ਜਿਹੀ ਸੀ, ਇਸ ਲਈ ਲੱਗ-ਮਾਤ੍ਰਾਵਾਂ ਦੀ ਜਾਣਕਾਰੀ ਬਿਨ੍ਹਾਂ ਹੀ ਲੋਕਾਈ ਬਾਣੀ ਨੂੰ ਸਮਝ ਲੇਂਦੀ ਸੀ।ਇਹ ਜੁਆਬ ਤਸੱਲੀ ਬਖ਼ਸ਼ ਪ੍ਰਤੀਤ ਨਹੀਂ ਹੁੰਦਾ।ਵਿਸ਼ੇਸ਼ ਰੂਪ ਵਿਚ ਉਸ ਵੇਲੇ, ਜਿਸ ਵੇਲੇ ਕਿ ਕੇਵਲ ਬੋਲਣ ਜਾਂ ਸੁਣਨ ਵਿਚ ਲੱਗਾਂ-ਮਾਤ੍ਰਾਵਾਂ ਦਾ ਪੁਰਾ ਉੱਚਾਰਣ ਬੋਧ ਵੀ ਨਾ ਹੁੰਦਾ ਹੋਵੇ, ਅਤੇ ਵਿਆਕਰਣ ਦਾ ਬਾਣੀ ਦੇ ਅਰਥਾਂ ਪੁਰ ਡੁੰਗਾ ਅਸਰ ਦੱਸਿਆ ਜਾਂਦਾ ਹੋਵੇ।
ਖ਼ੈਰ,ਵਿਆਕਰਨ ਦੇ ਵੱਡੇ ਮਹੱਤਵ, ਅਤੇ ਮਿਲਣ ਵਾਲੇ ਉੱਤਰ ਨੂੰ ਨਜ਼ਰਅੰਦਾਜ਼ ਕਰਨਾ ਵੀ ਉੱਚਿਤ ਨਾ ਸਮਝ ਕੇ ਮੈਂ ਇਕ ਛੋਟਾ ਜਿਹਾ ਤਜਰਬਾ ਵੀ ਕੀਤਾ।ਸਾਡੀ ਸਟੇਟ ਵਿਚ ਮਹਿਕਮਾ ਮਾਲ ਦਾ ਕੰਮ-ਕਾਜ ਉਰਦੂ ਭਾਸ਼ਾ ਵਿਚ ਹੁੰਦਾ ਹੈ, ਇਸ ਲਈ ਮੈਂ ਉਰਦੂ ਜ਼ੁਬਾਨ ਤੋਂ ਵਾਕਿਫ ਤਿੰਨ ਸੱਜਣਾ ਨੂੰ ਵੱਖ- ਵੱਖ ਮਿਲ ਕੇ  ਉਰਦੂ ਦੀ ਇਸ ਪੰਗਤੀ ਦੇ ਅਰਥ ਪੁੱਛੇ:-
ਹੁਆ ਜੋ ਤੀਰੇ ਨਜ਼ਰ ਨੀਮਕਸ਼ ਤੋ ਕਆ ਹਾਸਿਲ,
ਮਜ਼ਾ ਤੋ ਤਬ ਹੈ ਕੇ ਸੀਨੇ ਕੇ ਆਰ-ਪਾਰ ਚਲੇ”
ਉਹ ਸੱਜਣ ਇਸ ਪੰਗਤੀ ਦੇ ਭਾਵ ਅਰਥ ਨਹੀਂ ਦੱਸ ਪਾਏ, ਹਾਲਾਂਕਿ ਉਨ੍ਹਾਂ ਨੂੰ ਉਪਰੋਕਤ ਪੰਗਤੀ ਵਿਚਲੇ ਹਰ ਸ਼ਬਦ ਦੇ ਅਰਥ ਪਤਾ ਸੀ।ਫਿਰ ਇਕ ਹੋਰ ਪੰਗਤੀ ਇਸ ਪ੍ਰਕਾਰ ਸੀ:-
ਕੁੱਛ ਦਿਲ ਨੇ ਕਹਾ, ਕੁੱਛ ਭੀ ਨਹੀਂ।
ਐਸੇ ਭੀ ਬਾਤੇਂ ਹੋਤੀ ਹੈਂ ਐਸੀ ਭੀ ਬਾਤੇਂ ਹੋਤੀ ਹੈ”

ਇਸ ਪੰਗਤੀ ਦੇ ਭਾਵਅਰਥ ਵੀ ਉਹ ਨਹੀਂ ਦੱਸ ਪਾਏ ਹਾਲਾਂਕਿ ਉਪਰੋਕਤ ਪੰਗਤੀ ਦੇ ਹਰ ਇਕ ਸ਼ਬਦ ਦੇ ਅਰਥ ਵੀ ਉਨ੍ਹਾਂ ਨੂੰ ਪਤਾ ਸੀ। ਕਾਰਣ? ਕਾਰਣ ਇਹ ਕਿ ਕਾਵਿ ਰੂਪ ਵਿਚ ਕਈਂ ਥਾਂ ਅਸਲ ਭਾਵ ਨੂੰ ਸਮਝਣ ਵਿਚ ਭਾਸ਼ਾ ਦੀ ਨਿਯਮਬੱਧਤਾ ਅਤੇ ਸ਼ਬਦਾਅਰਥ ਜਾਣਕਾਰੀ ਵੀ ਕੰਮ ਨਹੀਂ ਆਉਂਦੀ।ਫਿਰ ਜਿਸ ਵੇਲੇ ਪੁਰਾਤਨ ਸਮਾਂ ਹੋਵੇ ਅਤੇ ਲੋਗ ਅਨਪੜ, ਤਾਂ ਬਿਨ੍ਹਾਂ ਵਿਆਕਰਣ ਗਿਆਨ ਦੇ ਸਿੱਖਾਂ ਦਾ ਅੱਜ ਨਾਲੋਂ ਵੱਧ ਗੁਰਮਤਿ ਦੇ ਨੇੜੇ ਹੋਂਣਾ ਅਚਰਜ ਉੱਤਪੰਨ ਕਰਦਾ ਹੈ।ਗੁਰੂ ਸਾਹਿਬ ਜੀ ਦੇ ਗੁਰਬਾਣੀ ਗਾਯਨ ਪ੍ਰਬੰਧ ਨੂੰ ਸਮਝੀਏ ਤਾਂ ਸਮਝ ਆਉਂਦੀ ਹੈ ਕਿ ਗੁਰੂ ਸਾਹਿਬਾਨ ਨੇ ਵੱਡੀ ਅਤੇ ਸਥਾਈ ਪੱਧਰ ਤੇ ਰਹਿੰਦੀ ਲੋਕਾਈ ਨੂੰ ਗੁਰਬਾਣੀ ਸੁਨਾਉਣ ਦਾ ਪ੍ਰਬੰਧ ਕੀਤਾ ਸੀ।
ਖ਼ੈਰ, ਮਹੱਤਵਪੁਰਣ ਹੋਂਣ ਕਾਰਣ, ਧਰਮ ਸ਼ਾਸਤ੍ਰਾਂ ਦੀ ਲਿਖਾਈ ਵਿਚ, ਵਿਆਕਰਣ ਨਿਯਮਬੱਧਤਾ ਦਾ ਉਪਯੋਗ ਹੁੰਦਾ ਹੈ, ਜਿਸ ਰਾਹੀਂ ਸ਼ਬਦਾਂ ਦੇ ਅਰਥਾਂ ਦੀ ਸੰਧੀ ਅਤੇ ਉਨ੍ਹਾਂ ਦਾ ਸ਼ੁੱਧ ਸਰੂਪ ਜਾਣਿਆ ਜਾ ਸਕਦਾ ਹੈ।ਇਹ ਪ੍ਰਕਿਆ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਪਹਿਲਾਂ ਲਿਖੇ ਗਏ ਧਰਮ ਸ਼ਾਸਤ੍ਰਾਂ ਵਿਚ ਵੀ ਵਰਤੀ ਜਾਂਦੀ ਸੀ, ਜਿਨ੍ਹਾਂ ਨੂੰ ਪੜਨ ਵਾਲੇ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਰੱਖਦੇ ਸੀ, ਅਤੇ ਉਸਦੀ ਵਿਆਖਿਆ ਵੀ ਕਰਦੇ ਸੀ।ਗੁਰੂ ਸਾਹਿਬ ਜੀ ਫੁਰਮਾਉਂਦੇ ਹਨ:-
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਨ ਤਿਕਾਲ ਕਰੈ॥
ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਬਿਨੁ ਉਰਝਿ ਮਰੈ
॥(੧੧੨੭)
ਭਾਵ; ਪੰਡਿਤ ਪੁਸਤਕਾਂ ਦੇ ਪਾਠ ਤੇ ਵਿਆਕਰਣ ਆਦਿਕ ਸਮਝਾਉਂਦਾ ਹੈ ਅਤੇ ਰੋਜ ਤਿੰਨ ਵੇਲੇ ਸੰਧਿਆ ਕਰਮ ਵੀ ਕਰਦਾ ਹੈ, ਪਰੰਤੂ ਗੁਰੂ ਦੇ ਸਬਦ ਤੋਂ ਬਿਨ੍ਹਾਂ ਉਸ ਨੂੰ ਵਿਸ਼ੇ ਵਿਕਾਰਾਂ ਵਿਚ ਉਲਝਿਆਂ ਖਲਾਸੀ ਨਹੀਂ ਮਿਲ ਸਕਦੀ।
ਅਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ॥
ਤੰਤ੍ਰ ਮੰਤ੍ਰ ਸਭ ਅਉਖਦ ਜਾਨਹਿ ਅੰਤਿ ਤਊ ਮਰਨਾ
॥(੪੭੬)
ਭਾਵ ਜਿਹੜੇ ਮਨੁੱਖ ਸ਼ਾਸਤ੍ਰ ਵੇਦ ਜੋਤਿਸ਼ ਅਤੇ ਭਾਂਤ-ਭਾਂਤ ਦੇ ਵਿਆਕਰਣ ਜਾਣਦੇ ਹਨ, ਅਤੇ ਜੋ ਮਨੁੱਖ ਤੰਤ੍ਰ ਮੰਤ੍ਰ ਦਵਾਇਆਂ ਜਾਣਦੇ ਹਨ ਤਾਂ ਵੀ ਅੰਤ ਵਿਚ ਉਨ੍ਹਾਂ ਦਾ ਵੀ ਮਰਨ ਦਾ ਗੇੜ ਨਹੀਂ ਮੁੱਕਦਾ।
ਨਵ ਛਿਅ ਖਟ ਕਾ ਕਰੇ ਬੀਚਾਰ॥ਨਿਸ ਦਿਨ ਉਚਰੈ ਭਾਰ ਅਠਾਰੁ॥
 ਤਿਨਿ ਭੀ ਅੰਤੁ ਨ ਪਾਇਆ ਤੋਹਿ॥ਨਾਮ ਬਿਹੂਣ ਮੁਕਤਿ ਕਿਉ ਹੋਇ
॥(੧੨੩੭)
ਜੋ ਮਨੁੱਖ ਨੌ ਵਿਆਕਰਣਾਂ, ਛੇ ਸ਼ਾਸਤ੍ਰਾਂ ਤੇ ਛੇ ਵੇਦਾਂਗ (ਵੇਦਾਂ ਦੇ ਅੰਗ ਸ਼ਿਕਸ਼ਾ, ਕਲਪ,ਵਿਆਕਰਣ, ਛੰਦ, ਨਿਰੁਕਤ, ਜੋਤਿਸ)  ਦਾ ਅਰਥ ਸਮਝ ਲਏ ਅਤੇ ਅਠਾਰਾਂ ਪਰਵਾਂ ਵਾਲੇ ਗ੍ਰੰਥ ਵੀ ਦਿਨ ਰਾਤ ਪੜਦਾ ਰਹੇ ਉਹ ਵੀ ਪ੍ਰਭੂ ਦਾ ਅੰਤ ਨਹੀਂ ਪਾ ਸਕਦਾ, ਉਸ ਦੀ ਵੀ ਪ੍ਰਭੂ ਨਾਮ ਬਿਨ੍ਹਾਂ ਮੁੱਕਤੀ ਨਹੀਂ ਹੁੰਦੀ।
ਉਸ ਵੇਲੇ ਵਿਆਕਰਣ ਦੇ ਮਾਹਰ, ਵਿਆਕਰਣ ਬਾਰੇ ਆਪਣੇ ਹੁਨਰ ਦਾ ਦੰਭ ਭਰਦੇ, ਅਧਿਆਤਮ ਦੇ ਗਿਆਨੀ ਹੋਂਣ ਦਾ ਦਾਵਾ ਪੇਸ਼ ਕਰਦੇ ਸੀ।ਪਰ ਗੁਰੂ ਸਾਹਿਬ ਫੁਰਮਾਉਂਦੇ ਹਨ:-
ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ॥(੬੬੮)
ਭਾਵ ਨੌ ਵਿਆਕਰਨ ਅਤੇ ਛੇ ਸ਼ਾਸਤਰ ਮੂੰਹ ਜ਼ੁਬਾਨੀ ਉਚਾਰ ਲੈਂਣ ਦੀ ਵਿੱਦਵਤਾ ਨਾਲ ਪਿਆਰਾ ਪ੍ਰਭੂ ਖੁਸ਼ ਨਹੀਂ ਹੁੰਦਾ।
ਜਾਹਿਰ ਹੈ ਕਿ ਗੁਰਬਾਣੀ ਅੰਦਰ ਭਾਸ਼ਾ ਵਿਆਕਰਣ ਦੇ ਮਾਹਿਰਾਂ ਦੀ ਸਥਿਤੀ, ਉਨ੍ਹਾਂ ਅਨਪੜਾਂ ਨਾਲੋਂ ਉੱਚੀ ਨਹੀਂ ਸਵੀਕਾਰੀ ਗਈ ਜੋ ਆਪਣੇ ਆਤਮੇ ਤੋਂ ਗੁਰੂ ਦੇ ਨਾਲ ਜੁੜੇ ਰਹਿੰਦੇ ਹਨ।ਗੁਰੂ ਸਾਹਿਬਾਨ ਦੇ ਸਮੇਂ ਇਹੋ ਜਿਹੇ ਅਨਪੜ ਜ਼ਿਆਦਾ ਸੀ ਜੋ ਗੁਰੂ ਦੀ ਬਾਣੀ ਬਾਰੇ ਕਿੰਤੂ-ਪਰੰਤੂ ਦੀ ਆਦਤ ਨਹੀਂ ਸੀ ਪਾਲਦੇ।
ਜਨ ਨਾਨਕ ਹਰਿ ਹਿਰਦੈ ਸਦੁ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ (੬੬੮)
ਭਾਸ਼ਾ ਦਾ ਗਿਆਨ ਬਹੁਤ ਜ਼ਰੂਰੀ ਹੈ, ਪਰ ਗੁਰਮਤਿ ਦੇ ਮਹੱਤਵ ਦਾ ਮੁਲਾਂਕਨ ਉਸਦੇ ਉਸ ਵਿਸ਼ਾ ਵਸਤੂ ਵਿਚ ਹੈ, ਜਿਸਦੀ ਇਲਾਹੀ ਰੋਸ਼ਨੀ ਤੇ ਵਿਆਕਰਣਕ ਵਿੱਦਵਤਾ ਦੀ  ਧੋਂਸ ਦਾ ਪਰਛਾਵਾਂ ਨਹੀਂ ਪੈ ਸਕਦਾ।ਜਿੱਥੇ ਪ੍ਰਭੂ ਨਾਲ ਪਿਆਰ ਦਾ ਵਿਵਹਾਰ ਹੈ ਉੱਥੇ ਲਿਖਣ ਜਾਂ ਵਿਆਕਰਣ ਦਾ ਹੁਨਰ ਨਾ ਵੀ ਹੋਵੇ ਤਾਂ ਕੋਈ ਗਲ ਨਹੀਂ।
ਲੇਖਨ ਜਾਂ ਵਿਆਕਰਣ ਵਿਚ ‘ਦੇਖਣ’ ਜਿਹਾ ਜਤਨ ਤਾਂ ਹੈ ਪਰ ਪ੍ਰਾਪਤੀ ਵਰਗਾ 'ਅਨੁਭਵ' ਨਹੀਂ।ਵਿਆਕਰਣ ਵਿਚ 'ਸਿਆਣਪ' ਤਾਂ ਹੋ ਸਕਦੀ ਹੈ ਪਰ 'ਸਚਿਆਰ ਪਨ' ਨਹੀਂ।ਇਹ ਗੁਰਮਤਿ ਵਿਚਲੇ 'ਜੀਵਨ ਵਿਆਕਰਣ'(Grammar of Life)  ਅਤੇ 'ਭਾਸ਼ਾ ਦੇ ਵਿਆਕਰਣ' (Grammar of Language) ਵਿਚਲਾ ਅੰਤਰ ਹੈ।

ਹਰਦੇਵ ਸਿੰਘ,ਜੰਮੂ-੧੧.੦੧.੨੦੧੫

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.