ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
*"ਗੁਰਬਾਣੀ ਵਿਆਕਰਣ ਦੀ ਅਹਿਮੀਅਤ"*
*"ਗੁਰਬਾਣੀ ਵਿਆਕਰਣ ਦੀ ਅਹਿਮੀਅਤ"*
Page Visitors: 3034

*"ਗੁਰਬਾਣੀ ਵਿਆਕਰਣ ਦੀ ਅਹਿਮੀਅਤ"*
ਸਤਿਕਾਰ ਯੋਗ ਜਸਬੀਰ ਸਿੰਘ ਵਿਰਦੀ ਜੀ
ਫ਼ਤਿਹ ਪਰਵਾਨ ਕਰਨੀ।
ਦਾ ਖਾਲਸਾ ਵੈਬਸਾਈਟ ਤੇ ਵਿਆਕਰਣ ਸਬੰਧਤ ਮੇਰੇ ਦੋ ਲੇਖਾਂ ਵਿਚੋਂ ਪਹਿਲੇ ਲੇਖ ਦੇ ਦੋ ਭਾਗਾਂ ਬਾਰੇ ਆਪ ਜੀ ਨੇ ਇਕ ਟਿੱਪਣੀ ਨੁਮਾਂ ਲੇਖ "ਗੁਰਬਾਣੀ ਵਿਆਕਰਣ ਦੀ ਅਹਿਮੀਅਤ" ਲਿਖਿਆ ਹੈ।ਇਸ ਟਿੱਪਣੀ ਨੁਮਾਂ ਲੇਖ ਵਿਚ ਆਪ ਜੀ ਨੇ ਮੇਰੇ ਦੂਜੇ ਲੇਖ "ਭੇਖੀ ਬਾਬੇ ਅਤੇ ਕੁੱਝ ਸੱਜਣ" ਨੂੰ ਬਿਲਕੁਲ ਨਜ਼ਰਅਦਾਜ਼ ਕੀਤਾ ਹੈ। ਜੇ ਕਰ ਆਪ ਜੀ ਇਸ ਲੇਖ ਨੂੰ ਮੁੱਖ ਰੱਖਦੇ ਹੋਏ ਮੇਰੇ ਲੇਖ ('ਵਿਆਕਰਣ ਅਤੇ ਜੀਵਨ' ) ਨੂੰ  ਵਿਚਾਰਦੇ ਤਾਂ ਸ਼ਾਯਦ ਆਪ ਜੀ ਨੂੰ ਮੇਰੇ ਭਾਵ ਦਾ ਪਤਾ ਚਲ ਸਕਦਾ ਸੀ।ਹੋ ਸਕਦਾ ਹੈ ਕਿ ਆਪ ਜੀ ਨੇ ਦੂਜਾ ਲੇਖ ਪੜੀਆ ਹੀ ਨਾ ਹੋਵੇ।ਆਪ ਜੀ ਪੜ ਸਕਦੇ ਹੋ।
ਖ਼ੈਰ, ਗੁਰਬਾਣੀ ਅਤੇ ਉਸਦਾ ਉਪਦੇਸ਼ ਨਿਰੋਲ ਹੈ, ਪਰ ਮਨੁੱਖੀ ਦਖ਼ਲ ਭ੍ਰਿਸ਼ਟ (Polluted) ਹੁੰਦਾ ਹੈ।ਇਹ ਚਾਰ ਪ੍ਰਕਾਰ ਨਾਲ ਭ੍ਰਿਸ਼ਟ ਹੁੰਦਾ ਹੈ:-
(੧) ਗੁਰੂ ਸਾਹਿਬਾਨ ਦੀ ਮੰਸ਼ਾ ਵਿਰੁੱਧ ਕਿਸੇ ਸ਼ਬਦ ਨੂੰ ਜਾਣਬੂਝ ਕੇ ਇਸ ਹੱਦ ਤਕ ਵੱਖਰਾ ਕਰਕੇ ਉੱਚਰਨਾ-ਬਦਲਣਾ ਕਿ ਉਸਦੇ ਮਾਨੇ ਤਕ ਬਦਲ ਜਾਣ।
(੨) ਕਿਸੇ ਪੰਗਤੀ ਨੂੰ ਜਾਣਬੂਝ ਕੇ ਬਦਲ ਕੇ ਲਿਖਣਾ (ਇਨ੍ਹਾਂ ਦੋ ਕਿਸਮਾਂ ਦੀ ਮਿਸਾਲ ਹੈ ਇਕ ਮਿਸ਼ਨਰੀ ਸੱਜਣ ਵਲੋਂ ਗੁਰਬਾਣੀ ਦੀ ਪੰਗਤੀ 'ਮਾਤਾ ਧਰਤਿ ਮਹਤੁ’ ਨੂੰ 'ਮਾਤਾ ਧਰਤਿ ਮਹੱਤਵ' ਕਰਕੇ ਲਿਖਣਾ, ਹੋਰ ਪੰਗਤਿਆਂ ਨੂੰ 'ਬੰਦੇ ! ਖੋਜੁ ਦਿਲ; ਹਰ ਰੋਜ,ਨਾ ਫਿਰ ਪਰੇਸਾਨੀ ਮਾਹਿ' ਅਤੇ 'ਨਾਨਕ ! ਵਿਗਸੈ ਵੇਪਰਵਾਹੁ' ਕਰਕੇ ਲਿਖਣਾ ਆਦਿ)
(੩) ਕਿਸੇ ਸ਼ਬਦ ਦੇ ਅਰਥਾਂ ਵਿਚੋਂ ਜਾਣਬੂਝ ਕੇ ਐਸਾ ਅਰਥ ਚੁਣ ਲੇਂਣਾ ਜੋ ਕਿ ਪੰਗਤੀ ਵਿਚਲੇ ਮੂਲ ਉਪਦੇਸ਼ ਨੂੰ ਬਦਲ ਦੇਵੇ।(ਇਸ ਪ੍ਰਕਾਰ ਦਾ ਦਖ਼ਲ ਟਰੋਂਟੋਂ ਦੇ ਇਕ ਸੱਜਣ ਦਿੰਦੇ ਹਨ)
(੪) ਗੁਰਬਾਣੀ ਬਾਰੇ ਜਾਣਬੂਝ ਕੇ ਐਸੇ ਪ੍ਰਸ਼ਨ ਖੜੇ ਕਰਨਾ ਜੋ ਕਿ ਬਾਣੀ ਦੀ ਪ੍ਰਮਾਣਿਕਤਾ ਬਾਰੇ ਸ਼ੰਕੇ ਖੜੇ ਕਰਦੇ ਹੋਂਣ। (ਇਸ ਕਿਸਮ ਦਾ ਦਖ਼ਲ ਮੈਕਲੋਡੀ ਵਿਚਾਰ ਦੇ ਚੇਲਿਆਂ ਵਲੋਂ ਹੁੰਦਾ ਹੈ)
ਇਨ੍ਹਾਂ ਚਾਰ ਕਿਸਮ ਦੇ ਅਪਮਾਨਜਨਕ ਦਖ਼ਲਾਂ ਤੋਂ ਛੁੱਟ ਇਕ ਉਹ ਭ੍ਰਿਸ਼ਟਤਾ ਹੈ ਜੋ ਕਿ ਅਣਜਾਣ ਰੂਪ ਸਾਡੀ ਅਗਿਆਨਤਾ ਜਾਂ ਗੁਰਬਾਣੀ ਨੂੰ ਸਮਝਣ ਵਿਚ ਸਾਡੀ ਅਸਮਰਥਾ ਹੈ।ਇਹ ਸੁਭਾਵਕ ਹੈ ਅਤੇ ਇਸੇ ਕਾਰਣ ਕੋਈ ਵੀ ਮਨੁੱਖ ਬਾਣੀ ਦੇ ਅਰਥ ਬਾਣੀ ਦੇ ਤੁੱਲ ਨਹੀਂ ਕਰ ਸਕਦਾ।
ਹੁਣ ਪਹਲਿਆਂ ਦੋ ਭ੍ਰਿਸ਼ਟਤਾਵਾਂ ਵਿਆਕਰਣ ਦੇ ਜਾਣਕਾਰ ਕੁੱਝ ਸੱਜਣਾਂ ਵਲੋਂ ਹਨ। ਇਸ ਵਿਚ ਵਿਆਕਰਣ ਦੇ ਤਰਕ ਨਾਲ ਬਾਣੀ ਦੇ ਸਵਰੂਪ ਨੂੰ ਆਪਣੇ ਦਖ਼ਲ ਨਾਲ ਵਿਕ੍ਰਿਤ ਕਰਨ ਦੀ ਹਿਮਾਕਤ, ਦੁਸ਼ਟਤਾ ਅਤੇ ਵਿਚਾਰਕ ਸਾਮਰਥ ਦਾ ਨੈਤਿਕ ਪਤਨ ਹੈ। ਕੀ ਆਪ ਜੀ ਇਹ ਨੂੰ ਸਹੀ ਮੰਨਦੇ ਹੋ ? ਮੇਰੇ ਵਿਚਾਰ ਅਨੁਸਾਰ ਵਿਆਕਰਣ ਜਾਣਕਾਰੀ ਦਾ ਇਸਤੇਮਾਲ ਬਾਣੀ ਭਾਵ ਅਰਥਾਂ ਨੂੰ ਸਮਝਾਉਣ ਲਈ ਹੋਣਾ ਚਾਹੀਦਾ ਹੈ ਨਾ ਕਿ ਬਾਣੀ ਦੇ ਮੂਲ ਸਵਰੂਪ ਨੂੰ ਬਦਲਣ ਲਈ।
ਦੋ ਬੰਦੇ ਆਪਣੇ ਲੇਖਾਂ ਵਿਚ, ਬਾਣੀ ਦੇ ਕਿਸੇ ਇਕ ਪੂਰੇ ਸ਼ਬਦ ਨੂੰ ਲਿਖ ਕੇ, ਹੇਠ ਦੋ ਪ੍ਰਕਾਰ ਦੇ ਭਾਵ ਅਰਥ ਕਰ ਦੇਂਣ ਅਤੇ ਉਨ੍ਹਾਂ ਭਾਵ ਅਰਥਾਂ ਵਿਚ ਕੁੱਝ ਫਰਕ ਹੋਵੇ ਤਾਂ ਇਸ ਨੂੰ ਆਪਣੀ-ਆਪਣੀ ਸਮਝ ਕਿਹਾ ਜਾਏਗਾ।ਚੁੰਕਿ ਦੋਵੇਂ ਬੰਦੇ ਭਾਵਅਰਥਾਂ ਉੱਪਰ ਲਿਖੇ ਮੂਲ ਸ਼ਬਦ ਨੂੰ ਨਹੀਂ ਬਦਲਣਗੇ, ਇਸ ਲਈ ਮੂਲ ਸ਼ਬਦ ਮਨੁੱਖੀ ਦਖ਼ਲ ਤੋਂ ਬੱਚਿਆ ਰਹੇਗਾ।ਪਰ ਜੇ ਕਰ ਦੋਹਾਂ ਵਿਚੋਂ  ਵਿਆਕਰਣ ਦਾ ਜਾਣਕਾਰ ਇਕ ਬੰਦਾ ਆਪਣੇ ਕੀਤੇ ਭਾਵ ਅਰਥਾਂ ਨੂੰ ਸਹੀ ਸਾਬਤ ਕਰਨ ਲਈ ਸ਼ਬਦ ਦੇ ਮੂਲ ਲਿਖਤੀ ਸਵਰੂਪ ਨੂੰ ਵਿਆਕਰਣ ਚਿੰਨ੍ਹਾਂ ਰਾਹੀਂ ਬਦਲ ਦੇਵੇ ਤਾਂ ਇਸ ਹਰਕਤ ਨੂੰ, ਆਪਣੀ-ਆਪਣੀ ਸਮਝ ਦੇ ਤਰਕ ਤੋਂ ਪਰੇ, ਬਾਣੀ ਦਾ ਸਵਰੂਪ ਬਦਲਣ ਦੀ ਦੁਸ਼ਟਤਾ ਅਤੇ ਕੁਟਿਲਤਾ ਕਹਿਆ ਜਾਏ ਗਾ।
ਵਿਰਦੀ ਜੀ ਕੀ ਆਪ ਜੀ ਵਿਆਕਰਣ ਅਧਾਰਤ ਐਸੀ ਦੁਸ਼ਟਤਾ ਦਾ ਸਮਰਥਨ ਕਰੋਗੇ ?
ਹਰਦੇਵ ਸਿੰਘ, ਜੰਮੂ-੨੧-੦੧-੨੦੧੫

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.