ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਦਿਨ, ਗ੍ਰਹ, ਮਹੀਨੇ ਅਤੇ ਦੇਵੀ-ਦੇਵਤੇ
ਦਿਨ, ਗ੍ਰਹ, ਮਹੀਨੇ ਅਤੇ ਦੇਵੀ-ਦੇਵਤੇ
Page Visitors: 3188

ਦਿਨ, ਗ੍ਰਹ, ਮਹੀਨੇ ਅਤੇ ਦੇਵੀ-ਦੇਵਤੇ
ਗੁਰਮਤਿ ਸਿੱਖ ਨੂੰ ਕੇਵਲ ਇਕ ਅਕਾਲ ਪੁਰਖ, ਦੱਸ ਗੁਰੂ ਸਾਹਿਬਾਨ, ਉਨ੍ਹਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਣ ਦੀ ਸਿੱਖਿਆ ਦਿੰਦੀ ਹੈ।ਇਸ ਲਈ ਪੱਛਮੀ ਜਾਂ ਪੂਰਬੀ ਆਦਿ ਧਾਰਮਕ ਸੰਸਕ੍ਰਿਤਿਆਂ ਨਾਲ ਜੁੜੇ ਦੇਵੀ-ਦੇਵਤੇ ਸਿੱਖ ਲਈ ਇਸ਼ਟ ਨਹੀਂ ਹੋ ਸਕਦੇ! ਗੁਰਬਾਣੀ ਅਤੇ ਦਸ਼ਮੇਸ਼ ਜੀ ਦੇ ਹੁਕਮਾਂ ਵਿਚ ਇਸਦਾ ਨਿਰਣਾ ਸਪਸ਼ਟ ਹੈ।
 ਖ਼ੈਰ ਪੱਛਮੀ ਸਮਾਜ ਵਿਚ ਸਨਡੇ (sun-day)  ਨੂੰ ‘ਸੂਰਜ ਦਾ ਦਿਨ’ ਕਿਹਾ ਜਾਂਦਾ ਹੈ।ਇਹ ਇਕ ਸੰਜੋਗ ਦੀ ਗਲ ਹੈ ਕਿ ਹਿੰਦੂ ਸੰਸਕ੍ਰਿਤੀ ਵਿਚ ਵੀ ਇਸ ਨੂੰ ਰਵਿਵਾਰ ਕਿਹਾ ਜਾਂਦਾ ਹੈ। ਯਾਨੀ ਕਿ ਸੌਰ ਮੰਡਲ ਦੇ ਸੂਰਜ ਦੇਵਤਾ ਦਾ ਦਿਨ।ਰਵੀ ਦਾ ਅਰਥ ਸੂਰਜ ! ਇਸਾਈ ਧਰਮ ਵਿਚ ਸਨਡੇ ਦਾ ਧਾਰਮਕ ਮਹੱਤਵ ਹੈ।ਇਸ ਨੂੰ ਪੂਜਾ ਦਾ ਦਿਨ ਮੰਨਿਆ ਜਾਂਦਾ ਹੈ ਅਤੇ ਇਹ ਦਿਨ ਈਸਾ ਮਸੀਹ ਦੇ ਪੁਨਰਜੀਵਤ ਹੋਣ ਦੀ ਸਾਖੀ ਨਾਲ ਜੁੜਿਆ ਹੈ।
ਪੱਛਮ ਵਿਚ ਮਨਡੇ, ਯਾਨੀ ਸੋਮਵਾਰ,  ਚੰਨ ਦਾ ਦਿਨ ਮੰਨਿਆ ਜਾਂਦਾ ਹੈ।  ਹਿੰਦੂ ਵਿਸ਼ਵਾਸ ਅਨੁਸਾਰ ਵੀ ਇਹ ਦਿਨ (ਸੋਮਵਾਰ) ਚੰਦ੍ਰ ਦੇਵਤਾ ਦਾ ਦਿਨ ਹੈ।
  ਟੀਯੂਸਡੇ (ਮੰਗਲਵਾਰ) ਵੀ ਇਕ ਦੇਵਤੇ ਦੇ ਨਾਲ ਸਬੰਧਤ ਮੰਨਿਆ ਜਾਂਦਾ ਹੈ ਜੋ ਕਿ ਕਾਨੂਨ ਅਤੇ ਜੰਗ ਦਾ ਦੇਵਤਾ ਹੈ।ਹਿੰਦੂ ਇਸ ਦਿਨ ਮਾਸ ਨਹੀਂ ਖਾਂਦੇ।ਵੇਡਨੈਸਡੇ ਹਫ਼ਤੇ ਦਾ ਬੁੱਧਵਾਰ ਹੈ। ਪੂਰਬੀ ਕੱਟੜਵਾਦੀ ਚਰਚ ਅਨੁਸਾਰ ਇਹ ਦਿਨ ਮਾਸ ਖਾਣ ਤੋਂ ਵਰਜਦਾ ਹੈ।
  ਥਰਸਡੇ (ਵੀਰਵਾਰ) ਨੂੰ ‘ਥਾਰ’ ਦਾ ਦਿਨ ਕਿਹਾ ਜਾਂਦਾ ਹੈ ਜੋ ਕਿ ਪੱਛਮ ਸਮਾਜ ਅਨੁਸਾਰ ਗਰਜ (Thunder) ਦਾ ਦੇਵਤਾ ਹੈ।ਫ੍ਰਾਈਡੇ ਅਤੇ ਸੇਟਰਡੇ (ਸ਼ੁੱਕਰ ਅਤੇ ਸ਼ਨਿਵਾਰ) ਵੀ ਆਪਣੇ ਪਿਛੋਕੜ ਵਿਚ ਅੰਗ੍ਰਜ਼ੀ ਅਤੇ ਰੋਮਨ ਦੇਵੀਆਂ ਨਾਲ ਸਬੰਧਤ ਮੰਨੇ ਜਾਂਦੇ ਹਨ।
   ਸੰਖੇਪ ਵਿਚ ਵਿਚਾਰ ਕਰੀਏ ਤਾਂ ਪਤਾ ਚਲਦਾ ਹੈ ਕਿ ਮਹੀਨੇਆਂ ਦੇ ਅੰਗ੍ਰਜ਼ੀ ਨਾਮ ਵੀ ਪੱਛਮੀ ਸਮਾਜ ਦੇ ਕਈਂ ਦੇਵਤਿਆਂ ਨਾਲ ਜੁੜੇ ਹਨ, ਜਿਨ੍ਹਾਂ ਵਿਚੋਂ ਅਗਸਤ ਮਹੀਨੇ ਦਾ ਨਾਮ ਰੋਮਨ ਰਾਜ ਕਾਲ ਦੇ ਰਾਜਾ ‘ਅਗਸਤਸ’ ਦੇ ਨਾਮ ਤੇ ਹੈ।ਖ਼ੈਰ, ਇਸ ਚਰਚਾ ਵਿਚ ਹੁਣ ਸੂਰਜ ਅਤੇ ਕੁੱਝ ਗ੍ਰਹਾਂ ਬਾਰੇ ਥੋੜੀ ਹੋਰ ਵਿਚਾਰ ਕਰੀਏ।
ਸਭ ਤੋਂ ਪਹਿਲਾਂ ਸੂਰਜ ਦੀ ਗਲ ਕਰੀਏ ਤਾਂ ਹਿੰਦੂ ਵਿਸ਼ਵਾਸ ਅਨੁਸਾਰ ਇਹ ਸੌਰ ਮੰਡਲ ਦਾ ਮੁੱਖ  ਦੇਵਤਾ ਹੈ ਜਿਸ ਨੂੰ ਖੁਸ਼ ਕਰਨ ਲਈ ਗਾਯਤ੍ਰੀ ਮੰਤ੍ਰ ਦਾ ਪਾਠ ਆਦਿ ਅਨੁਸ਼ਠਾਨ ਕੀਤੇ ਜਾਂਦੇ ਹਨ।ਇਸ ਦੇ ਨਾਮ ਪੁਰ ਹਫ਼ਤੇ  ਦਾ ਰਵਿਵਾਰ ਹੈ ਜਿਸ ਨੂੰ, ਜਿਵੇਂ ਕਿ ਪਿੱਛੇ ਵਿਚਾਰ ਆਏ ਹਾਂ, ਪੱਛਮ ਵਾਲੇ ਵੀ ਸਨਡੇ (ਸੂਰਜ ਦਾ ਦਿਨ) ਜਾਂ ‘ਲਾਰਡਸ ਡੇ’ ਕਹਿੰਦੇ ਹਨ।
ਹਿੰਦੂ ਅਕੀਦੇ ਅਨੁਸਾਰ ਚੰਨ ਵੀ ਇਕ ਦੇਵਤਾ ਹੈ ਜਿਸ ਨੂੰ ‘ਸੋਮ’ ਜਾਂ ਰਾਤ ਦਾ ਦੇਵਤਾ ਵੀ ਕਿਹਾ ਜਾਦਾ ਹੈ ਅਤੇ ਇਹ ਮਨ ਨੂੰ ਪ੍ਰਤਿਬਿੰਬਤ ਕਰਦਾ ਹੈ। ਹਫ਼ਤੇ ਦੇ ਦਿਨ ਸੋਮਵਾਰ ਨੂੰ ਚੰਦ੍ਰ ਦਾ ਦਿਨ  ਕਿਹਾ ਜਾਂਦਾ ਹੈ।
ਚੁੰਕਿ ਸੂਰਜ ਨੂੰ ਸੌਰ ਮੰਡਲ ਦਾ ਵੱਡਾ ਦੇਵਤਾ ਮੰਨਿਆ ਗਿਆ ਅਤੇ ਚੰਨ ਮਨ ਨੂੰ ਪ੍ਰਤਿਬਿੰਬਤ ਕਰਦਾ ਸੀ, ਇਸ ਲਈ ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟਿ ਵਿਚ ਇਸ ਫ਼ਲਸਫ਼ਾਨਾ ਪ੍ਰਤੀਕ ਨੂੰ ਮੁੱਖ ਰੱਖਦੇ ਸਿੱਧਾਂ ਵਲੋਂ ਪੁਛਿਆ ਸਵਾਲ ਉੱਚਰਿਆ ਸੀ :-
ਕਿਉ ਸਸਿ ਘਰਿ ਸੂਰੁ ਸਮਾਵੈ॥(ਪੰਨਾ 945)
ਉਪਰੋਕਤ ਪ੍ਰਸ਼ਨ ਤੋਂ ਸਿਧਾਂ ਦਾ ਭਾਵ ਗੁਰੂ ਨਾਨਕ ਜੀ ਤੋਂ ਇਹ ਪੁੱਛਣਾ ਸੀ ਕਿ ਪਰਮਾਤਮਾ (ਸੂਰਜ) ਮਨ (ਚੰਨ) ਵਿਚ ਕਿਵੇਂ ਸਮਾ ਸਕਦਾ ਹੈ? ਗੁਰੂ ਨਾਨਲ ਦੇਵ ਜੀ ਨੇ ਇਸੇ ਮੂਲ ਭਾਵ ਨੂੰ ਸੁੱਖ ਰੱਖਦੇ ਹੋਏ ਉੱਤਰ ਉੱਚਰਿਆ:-
ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ (ਪੰਨਾ 945)

ਭਾਵ ਗੁਰਮੁਖ ਹੋ ਆਪਣੇ ਮਨ ਵਿਚੋਂ ਹਉਮੈ ਕੱਢਣ ਵਾਲੇ ਦੇ ਮਨ (ਚੰਨ) ਅੰਦਰ ਪਰਮਾਤਮਾ (ਸੂਰਜ) ਸਹਿਜ ਰੂਪ ਹੋ ਸਮਾ ਸਕਦਾ ਹੈ।
ਖ਼ੈਰ, ਮੰਗਲ ਨੂੰ ਧਰਤੀ ਪੁੱਤਰ ਕਿਹਾ ਜਾਂਦਾ ਹੈ ਜੋ ਕਿ ਯੁੱਧ ਦਾ ਦੇਵਤਾ ਹੈ।ਇਸ ਦੇ ਕਈਂ ਮੰਦਰ ਵੀ ਹਨ ਅਤੇ ਹਫ਼ਤੇ ਦਾ ਦਿਨ ਮੰਗਲਵਾਰ ਇਸੇ ਦੇਵਤੇ ਨਾਲ ਜੋੜਿਆ ਗਿਆ ਹੈ।ਬੁੱਧ ਚੰਦ੍ਰ ਦੇਵਤਾ ਦਾ ਪੁੱਤਰ ਹੈ ਜਿਸ ਨੂੰ ਅੰਗ੍ਰਜ਼ੀ ਵਿਚ ‘ਮਰਕਰੀ’ ਕਿਹਾ ਜਾਂਦਾ ਹੈ।ਇਹ ਵਪਾਰ ਦਾ ਰਾਜਾ ਮੰਨਿਆ ਗਿਆ ਅਤੇ ਹਫ਼ਤੇ ਦਾ ਦਿਨ ਬੁੱਧਵਾਰ ਇਸੇ ਦੇਵਤੇ ਨਾਲ ਜੁੜਿਆ ਹੈ।
‘ਗੁਰੂ’ ਦੇਵਾਂ ਦਾ ਗੁਰੂ ਹੈ।ਹਫ਼ਤੇ ਦਾ ਦਿਨ ‘ਗੁਰੂਵਾਰ’ (ਵੀਰਵਾਰ) ਇਸੇ ਦੇਵਤੇ ਦੇ ਨਾਮ ਤੇ ਹੈ।ਇਸ ਨੂੰ  ਬ੍ਰਹਸਪਤੀ  ਵੀ ਕਿੰਦੇ ਹਨ।  
ਸ਼ੁਕ੍ਰ ਗ੍ਰਹ ਨੂੰ ਅੰਗ੍ਰੇਜ਼ੀ ਵਿਚ ਵੀਨਸ ਕਿਹਾ ਜਾਂਦਾ ਹੈ।ਇਸ ਦੇ ਨਾਮ ਤੇ ਹਫ਼ਤੇ ਦਾ ਦਿਨ ਸ਼ੁਕ੍ਰਵਾਰ ਹੈ। ਹਿੰਦੂ ਵਿਸ਼ਵਾਸ ਅਨੁਸਾਰ ਇਹ ਪ੍ਰਕ੍ਰਿਤੀ ਵਿਚ ਇਕ ਰਾਜੇ ਵਾਂਗ ਹੈ ਜੋ ਕਿ ਧਨ, ਅਰਾਮ ਅਤੇ ਪੁਨਰਉੱਤਪਤੀ ਨੂੰ ਪ੍ਰਤਿਬਿੰਬਤ ਕਰਦਾ ਹੈ।
ਇੰਝ ਹੀ ਸ਼ਨਿ ਸੂਰਜ ਦੇਵਤੇ ਦਾ ਪੁੱਤਰ ਹੈ ਅਤੇ ਇਸ ਦੇ ਕਈਂ ਮੰਦਰ ਵੀ ਹਨ।ਹਫ਼ਤੇ ਦਾ ਦਿਨ ਸ਼ਨਿਵਾਰ ਇਸੇ ਨਾਲ ਸਬੰਧਤ ਕੀਤਾ ਜਾਂਦਾ ਹੈ।
ਇਸ ਸੱਚ ਹੈ ਕਿ ਉਪਰੋਕਤ ਗ੍ਰਹਾਂ ਦੇ ਨਾਲ ਕਈਂ ਕਿਵਦੰਤਿਆਂ ਜੁੜੀਆਂ ਹਨ ਪਰ ਅਸੀਂ ਨਾ ਤਾਂ ਇਨ੍ਹਾਂ ਗ੍ਰਹਾਂ ਦੀ ਹੋਂਦ ਤੋਂ ਇਨਕਾਰ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੇ ਨਾਮ ਨਾਲ ਜੁੜੇ ਦਿਨਾਂ ਦੇ ਨਾਮ ਨਾ ਵਰਤਣ ਲਈ ਸਿੱਖੀ ਸਿਧਾਂਤ ਦਾ ਵਾਸਤਾ ਪਾਇਆ ਹੈ।ਗ੍ਰੈਗੋਰਿਅਨ ਕੈਲੰਡਰ ਨਾਲ ਜੁੜੇ ਮਹੀਨਿਆਂ ਅਤੇ ਦਿਨਾਂ ਦੇ ਨਾਮ ਵੀ ਦੇਵਤਿਆਂ ਪੁਰ ਵਿਸ਼ਵਾਸ ਅਧਾਰਤ ਹਨ ਤਾਂ ਕੀ ਸਾਨੂੰ ਆਪਣੇ ਜੀਵਨ ਵਿਚ ਇਨ੍ਹਾਂ ਨਾਮਾਂ ਦੀ ਵਰਤੋਂ ਵੀ ਤਿਆਗ ਦੇਣੀ ਚਾਹੀਦੀ ਹੈ ? ਉਹ ਕਿਹੜਾ ਦਿਨ ਹੈ ਜਿਸ ਦਿਨ ਸੂਰਜ ਨਹੀਂ ਹੁੰਦਾ? ਤਾਂ ਕੀ ਸਾਰੇ ਦਿਨ ਸੂਰਜ ਦੇ (ਸਨਡੇ) ਨਾ ਹੋਏ?
ਇਕ ਸੱਜਣ ਨੇ ਤਾਂ ਇਸੇ ਚੱਕਰ ਵਿਚ ਦਿਨਾਂ ਅਤੇ ਮਹੀਨਿਆਂ ਦੇ ਨਾਮ ਬਦਲ ਛੱਡੇ।ਪਰ ਸੱਜਣ ਜੀ ਨੇ ਇਤਨਾ ਨਾ ਸੋਚਿਆ ਕਿ ਉਹ ਗ੍ਰਹਾਂ ਦੇ ਨਾਮ ਕਿਵੇਂ ਬਦਲਣ ਗੇ? ਕੀ ਉਹ ਸੂਰਜ ਜਾਂ ਚੰਨ ਦਾ ਨਾਮ ਬਦਲ ਕੇ ‘ਬੰਦਾ’ ਜਾਂ ‘ਨਲਵਾ’ ਰੱਖਣ ਗੇ? ਜ਼ਾਹਰ ਹੈ ਕਿ ਸਾਨੂੰ ਆਪਣੇ ਸੋਚਣ ਦੇ ਤਰੀਕੇ ਪੁਰ ਧਿਆਨ ਦੇਣ ਦੀ ਲੋੜ ਹੈ।
ਅਸੀਂ ਸੂਰਜ ਨਾਲ ਜੁੜੀ ਕਿਸੇ ਕਹਾਣੀ ਤੋਂ ਅਸਹਿਮਤ ਹੋ ਸਕਦੇ ਹਾਂ ਪਰ ਕਹਾਣੀ ਕਾਰਨ ਅਸੀਂ ਸੂਰਜ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ।ਅਸੀਂ ਚੰਨ ਨਾਲ ਜੁੜੇ ਕਿਸੇ ਵਿਸ਼ਵਾਸ ਨਾਲੋਂ ਅਸਹਿਮਤ ਹੋ ਸਕਦੇ ਹਾਂ ਪਰ ਕਿਸੇ ਦੇ ਵਿਸ਼ਵਾਸ ਕਾਰਨ ਚੰਨ ਦੀ ਹੋਂਦ ਨਾਲੋਂ ਅਸਹਿਮਤ ਨਹੀਂ ਹੋ ਸਕਦੇ।ਜੇ ਕਰ ਅਸੀਂ ਆਪਣੇ ਸੋਚਣ ਦੇ ਅੰਦਾਜ਼ ਵਿਚੋਂ ਬੇਲੋੜੀ ਸੰਕੀਰਣਤਾ ਨੂੰ ਪਰੇ ਕਰੀਏ ਤਾਂ ਸਾਨੂੰ ‘ਗੁਰੂ ਪ੍ਰਚਾਰ ਪ੍ਰਣਾਲੀ’ ਰਾਹੀਂ ਕਈਂ ਮੁੱਧਿਆਂ ਬਾਰੇ ਵਿਚਾਰ ਦੀ ਸੇਧ ਮਿਲ ਸਕਦੀ ਹੈ, ਫਿਰ ਚਾਹੋ ਉਹ ਗੁਰਮਤਿ ਵਿਚਾਰ ਦਾ ਮੁੱਧਾ ਹੋਵੇ ਜਾਂ ਨਾਨਕਸ਼ਾਹੀ ਕੈਲੰਡਰ ਦਾ!

ਹਰਦੇਵ ਸਿੰਘ, ਜੰਮੂ-05.04.2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.