ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
# - ਗ੍ਰਹ ਦਸ਼ਾ - #
# - ਗ੍ਰਹ ਦਸ਼ਾ - #
Page Visitors: 2834

# - ਗ੍ਰਹ ਦਸ਼ਾ - #
ਗੁਰੂ ਨਾਨਕ ਜੀ ਨੇ ਧਰਮ ਦੇ ਨਾਮ ਤੇ ਦੋ ਪ੍ਰਕਾਰ ਦੀ ਲੁੱਟ ਨਾਲੋਂ ਭਰਪੂਰ ਅਸਹਿਮਤੀ ਜਤਾਈ ਹੈ। ਪਹਿਲੀ: ਮਾਨਸਿਕਤਾ ਦੀ ਲੁੱਟ ਅਤੇ ਦੂਜੀ: ਪੈਸੇ ਦੀ ਲੁੱਟ! ਜਿਵੇਂ ਕਿ ਮੈਂ ਕੁੱਝ ਲੇਖਾਂ ਵਿਚ ਲਿਖ ਚੁੱਕਿਆ ਹਾਂ ਕਿ ਧਰਮ ਨਾਲ ਆ ਜੁੜੇ ਭੇਖੀਆਂ ਦਾ ਇਕ ਹੱਥ ਬੰਦੇ ਦੇ ਸਿਰ ਤੇ ਅਤੇ ਦੂਜਾ ਹੱਥ ਉਸਦੀ ਜੇਬ ਵਿਚ ਹੁੰਦਾ ਹੈ। ਸਿਰ ਤੇ ਰੱਖੇ ਹੱਥ ਨਾਲ ਮਾਨਸਿਕਤਾ ਲੁੱਟੀ ਜਾਂਦੀ ਹੈ ਅਤੇ ਜੇਬ ਵਿਚ ਰੱਖੇ ਹੱਥ ਨਾਲ ਪੈਸਾ ਲੁੱਟਿਆ ਜਾਂਦਾ ਹੈ। ਇਹ ਕੰਮ ਕਰਨ ਵਾਲੇ, ਧਾਰਮਕ ਵੇਸ ਵਿਚ ਵੀ ਹੋ ਸਕਦੇ ਹਨ ਅਤੇ ਪੇਂਟ, ਕੋਟ ਕਮੀਜ਼ ਆਦਿ ਵਿਚ ਵੀ। ਇਹ ਧਾਰਮਕ ਸਥਾਨ ਤੇ ਵੀ ਹੋ ਸਕਦੇ ਹਨ ਅਤੇ ਧਾਰਮਕ ਸਥਾਨ ਤੋਂ ਪਰੇ ਆਪਣੇ ਦਫਤਰ ਵਿਚ ਵੀ। ਬਹੁਤੀ ਵਾਰ ਤਾਂ ਬੰਦਾ ਆਪਣੇ ਵਹਿਮ ਕਾਰਣ ਆਪ ਹੀ ਲੁੱਟਿਆ ਜਾਂਦਾ ਹੈ।
ਇੰਝ ਦਾ ਹੀ ਇਕ ਵਹਿਮ ‘ਗ੍ਰਹ ਦਸ਼ਾ’ ਨਾਲ ਜੁੜਿਆ ਹੈ। ਦਿਨ ਮਾੜੇ ਹੋਣ ਤਾਂ ਗ੍ਰਹ ਦਸ਼ਾ ਮਾੜੀ ਅਤੇ ਚੰਗੇ ਹੋਣ ਤਾਂ ਗ੍ਰਹ ਦਸ਼ਾ ਚੰਗੀ! ਮਾੜੀ ਗ੍ਰਹ ਦਸ਼ਾ ਦਾ ਚੱਕਰ ਬੰਦੇ ਨੂੰ ਤੰਤ੍ਰ, ਮੰਤ੍ਰ ਤਾਵੀਜ ਟੋਟਕਿਆਂ ਆਦਿ ਵਿਚ ਘੁੰਮਾਉਂਦਾ ਹੈ। ਪਰ ਹੋਣੀ ਪ੍ਰਤੀ ਬੰਦੇ ਦੀ ਮਤਿ ਨੂੰ ਕੇਵਲ ਗੁਰੂ ਦੇ ਉਪਦੇਸ਼ ਰਾਹੀਂ ਰਾਹੇ ਪਾਇਆ ਜਾ ਸਕਦਾ ਹੈ। ਗੁਰਮਤਿ ਮਨੁੱਖ ਨੂੰ ਗ੍ਰਹ ਦਸ਼ਾ ਨਾਲ ਜੁੜੇ ਐਸੇ ਵਹਿਮਾਂ ਤੋਂ ਵਰਜਦੀ ਹੈ ਤਾਂ ਕਿ ਉਹ ਲੁੱਟਿਆ ਨਾ ਜਾਏ। ਇਹ ਹੈ ਗ੍ਰਹ ਦਸ਼ਾ ਪ੍ਰਤੀ ਗੁਰਮਤਿ ਦਾ ਪੱਖ!
ਹੁਣ ਗਲ ਗ੍ਰਹ ਦਸ਼ਾ ਦੀ ਹੈ ਤਾਂ ਇਸ ਦਾ ਦੂਜਾ ਪੱਖ ਵੀ ਵਿਚਾਰਿਆ ਜਾਣਾ ਚਾਹੀਦਾ ਹੈ। ਹਰ ਗ੍ਰਹ ਦੀ ਦਿਸ਼ਾ ਵੀ ਹੈ ਅਤੇ ਦਸ਼ਾ ਵੀ।‘ਦਿਸ਼ਾ’ ਭਾਵ ਸੋਰ ਮੰਡਲ ਵਿਚ ਉਸਦੀ ਸਥਿਤੀ ਅਤੇ ‘ਦਸ਼ਾ’ ਭਾਵ ਸੋਰ ਮੰਡਲ ਵਿਚ ਉਸਦੀ ਹਾਲਤ! ਮਸਲਨ ਧਰਤੀ ਦੀ ਦਸ਼ਾ ਹਰੀ ਭਰੀ, ਜੀਵਨ ਮਾਫ਼ਿਕ ਪਾਣੀ ਹਵਾ ਅਤੇ ਤਾਪਮਾਨ ਯੁਕਤ ਹੈ ਪਰ ਚੰਨ ਦੀ ਦਸ਼ਾ ਹਰੀਆਲੀ, ਜੀਵਨ ਯੋਗ ਹਵਾ ਪਾਣੀ ਤਾਪਮਾਨ ਆਦਿ ਤੋਂ ਵਹੀਨ ਹੈ। ਮੰਗਲ ਗ੍ਰਹ ਤੇ ਭਿਆਨਕ ਝੱਖੜ ਚਲਦੇ ਹੁੰਦੇ ਹਨ। ਇਸ ਲਈ ਸਵੀਕਾਰ ਕਰਨਾ ਪਵੇਗਾ ਕਿ ਗ੍ਰਹਾਂ ਦੀ ਦਿਸ਼ਾ ਵੀ ਹੈ ਅਤੇ ਦਸ਼ਾ ਵੀ। ਵੈਸੇ ਦਿਸ਼ਾ ਲਈ ਦਸ਼ਾ ਸ਼ਬਦ ਵੀ ਵਰਤਿਆ ਜਾਂਦਾ ਹੈ।
ਹੁਣ ਅਗਲਾ ਸਵਾਲ! ਕੀ ਗ੍ਰਹ ਦਸ਼ਾ ਦਾ ਮਨੁੱਖੀ ਜਾਂ ਜੀਵ ਜੀਵਨ ਪੁਰ ਅਸਰ ਹੁੰਦਾ ਹੈ? ਇਹ ਸਵਾਲ ਮਹੱਤਵ-ਪੁਰਣ ਹੈ ਜਿਸ ਨੂੰ ਗੁਰਮਤਿ ਅਨੁਸਾਰ ਅਵਿਵੇਕੀ ਤੰਤ੍ਰ ਮੰਤ੍ਰ ਆਦਿ ਟੋਟਕਿਆਂ ਤੋਂ ਪਰੇ ਹੋ ਕੇ ਵਿਚਾਰੀਏ ਤਾਂ ਇਸਦਾ ਉੱਤਰ ਹੈ; ਹਾਂ ਗ੍ਰਹ ਦਸ਼ਾ ਦਾ ਜੀਵਨ ਤੇ ਅਸਰ ਹੁੰਦਾ ਹੈ! ਕੋਈ ਇਸ ਗਲ ਨੂੰ ਮਜ਼ਾਕ ਜਾਂ ਮਨਮਤਿ ਨਾ ਸਮਝ ਲਵੇ ਇਸ ਲਈ ਵਿਚਾਰ ਦੀ ਲੋੜ ਹੈ। ਅੱਜ ਦੇ ਸਮੇਂ ਸਾਡੇ ਜੀਵਨ ਵਿਚ ੳਪਗ੍ਰਹਾਂ ( ਮਨੁੱਖਾਂ ਦੁਆਰਾ ਖ਼ਲਾ ਵਿਚ ਸਥਾਪਤ ਨਕਲੀ ਗ੍ਰਹ) ਦਾ ਭਾਰੀ ਪ੍ਰਭਾਵ ਹੈ ਜਿਨ੍ਹਾਂ ਨਾਲ ਸਾਡੀ ਇੰਟਰਨੈਟ ਸੰਚਾਰ ਵਿਵਸਥਾ ਚਲ ਰਹੀ ਹੈ।ਇਹ ਉਪਗ੍ਰਹ ਧਰਤੀ ਦੀ ਕਕਸ਼ਾ ਵਿਚ ਧਰਤੀ ਗ੍ਰਹ ਦੀ ਦਸ਼ਾ ਪ੍ਰਭਾਵ ਕਾਰਣ ਹੀ ਸਥਾਪਤ ਹਨ।ਗ੍ਰਹਾਂ ਦੀ ਦਸ਼ਾ ਬਦਲ ਜਾਏ ਤਾਂ ਸਭ ਠੱਪ!
 ਖ਼ੈਰ, ਸੂਰਜ ਸਾਡੇ ਸੋਰ ਮੰਡਲ ਦਾ ਬੁਲੰਦ ਸਿਤਾਰਾ (Star) ਹੈ। ਧਰਤੀ  ਅਤੇ ਉਸ ਵਿਚਲੇ ਜੀਵ ਜੀਵਨ ਤੇ ਸੂਰਜ ਦੇ ਪ੍ਰਭਾਵ ਬਾਰੇ, ਕਈਂ ਪੁਸਤਕਾਂ ਲਿਖਿਆਂ ਜਾ ਸਕਦੀਆਂ ਹਨ।ਨਾਲ ਹੀ ਸੂਰਜ ਦੇ ਸਨਮੁੱਖ ਧਰਤੀ ਦੀ ਦਸ਼ਾ ਅਤੇ ਦਿਸ਼ਾ ਧਰਤੀ ਪੁਰ ਜੀਵਨ ਦਾ ਮੁੱਖ ਕਾਰਣ ਹੈ। ਸੂਰਜ ਜੀਵ ਜੀਵਨ ਨੂੰ ਵੱਡੀ ਪੱਧਰ ਤੇ ਪ੍ਰਭਾਵਤ ਕਰਦਾ ਹੈ। ਸੂਰਜ ਦੁਆਲੇ ਧਰਤੀ ਦੀ ਦਿਸ਼ਾ-ਦਸ਼ਾ ਕਾਰਣ ਮੋਸਮ ਹਨ, ਮੋਸਮਾਂ ਕਾਰਣ ਫ਼ਸਲਾਂ ਹਨ, ਪਾਣੀ, ਅਤੇ ਦਿਨ-ਰਾਤ ਹਨ। ਧਰਤੀ ਗ੍ਰਹ ਦੀ ਦਸ਼ਾ ਵਿਚਲਾ ਬਦਲਾਉ ਕਿਸਾਨ ਦੀ ਜੀਵਕਾ ਨੂੰ ਚਲਾਉਂਦਾ ਹੈ ਅਤੇ ਬਰਬਾਦ ਵੀ ਕਰ ਸਕਦਾ ਹੈ।        
ਹਾਲ ਵਿਚ ਹੀ ਜੰਮੂ-ਕਸ਼ਮੀਰ ਖਿੱਤੇ ਵਿਚ ‘ਧਰਤੀ ਗ੍ਰਹ’ ਦੀ ਦਸ਼ਾ (Condition) ਕੁੱਝ ਐਸੀ ਹੋਈ ਕਿ ਇਸ ਇਲਾਕੇ ਵਿਚ ਜਾਨੀ ਅਤੇ ਅਰਬਾਂ ਦਾ ਮਾਲੀ ਨੁਕਸਾਨ ਹੋ ਗਿਆ। ਭੂਚਾਲ ਜਾਂ ਸੁਨਾਮੀ ਧਰਤੀ ਦੀ ਦਸ਼ਾ ਵਿਚੋਂ ਹੀ ਉਤਪੰਨ ਹੁੰਦੇ ਹਨ ਅਤੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰ ਜਾਂਦੇ ਹਨ। ਇਕ ਖੇਤਰ ਵਿਚ ਪਾਣੀ, ਕਾਰਖਾਨੇ-ਦੁਕਾਂਨਾਂ ਬਰਬਾਦ ਕਰ ਜਾਂਦਾ ਹੈ ਅਤੇ ਦੂਜੇ ਪਾਸੇ ਕਾਰਖਾਨੇ-ਦੂਕਾਨਾਂ ਦਾ ਕੰਮ ਵੱਧ ਜਾਂਦਾ ਹੈ।
ਉੱਤਰਾਖੰਡ ਵਿਚ ਪਿੱਛਲੇ ਸਾਲ ਗ੍ਰਹ ਦਸ਼ਾ ਨੇ ਪਾਣੀ-ਪਾਣੀ ਕਰ ਦਿੱਤਾ। ਇਕ ਨੇ 15 ਰੂਪੇ ਵਾਲੀ ਪਾਣੀ ਦੀ ਬੋਤਲ 200 ਵਿਚ ਵੇਚੀ ਅਤੇ ਦੂਜੇ ਨੇ 15 ਦੀ ਬੋਤਲ 200 ਵਿਚ ਖਰੀਦੀ। ਵੇਚਣ ਵਾਲੇ ਨੂੰ ਉਨ੍ਹਾਂ ਦਿਨੀਂ ਗ੍ਰਹ ਦਸ਼ਾ ਚੰਗੀ ਲੱਗੀ ਹੋਵੇਗੀ ਅਤੇ ਮੁਸੀਬਤ ਵਿਚ ਫੱਸੇ ਅਤੇ ਭੁੱਖਿਆਂ ਨੂੰ ਮਾੜੀ।
ਖੈਰ, ਚੰਨ ਦੀ ਦਸ਼ਾ ਦਾ ਵੀ  ਧਰਤੀ ਅਤੇ ਉਸ ਤੇ ਜੀਵਨ ਪੁਰ ਅਸਰ ਹੈ। ਜਵਾਰਭਾਟੇ ਦਾ ਸਮੁੰਦਰਾਂ ਕੰਡੇ ਵੱਸਦੇ ਲੋਕਾਂ ਅਤੇ ਜੀਵ ਜੀਵਨ ਤੇ ਅਸਰ ਹੈ। ਚੰਨ ਦਾ ਗੁਰਤਵਾਕ੍ਰਸ਼ਣ ਧਰਤੀ ਦੀ ਚਾਲ ਦੇ ਸੰਤੁਲਨ ਨੂੰ ਵੀ ਪ੍ਰਭਾਵਤ ਕਰਦਾ ਹੈ।ਗ੍ਰਹ ਦਸ਼ਾ-ਦਿਸ਼ਾ ਨੇ ਮਨੁੱਖ ਨੂੰ ਸਮੇਂ ਦੀ ਵੰਡ ਦੇ ਢੰਗ ਸਿਖਾਏ ਹਨ। ਕੁੱਝ ਗ੍ਰਹ ਸੋਰ ਮੰਡਲ ਵਿਚ ਭੱਟਕੇ ਪੱਥਰਾਂ ਨੂੰ ਆਪਣੇ ਵੱਲ ਖਿੱਚ ਧਰਤੀ ਨੂੰ ਬਚਾ ਲੇਂਦੇ ਹਨ।ਇਸਦੇ ਨਾਲ ਹੀ ਇਨਾਂ ਪੱਥਰਾਂ ਨੇ ਗ੍ਰਹਾਂ ਦੀ ਦਸ਼ਾ ਨੂੰ ਵੀ ਬਦਲਿਆ ਹੈ। ਕਹਿੰਦੇ ਹਨ ਧਰਤੀ ਗ੍ਰਹ ਤੇ ਆ ਡਿੱਗੇ ਇਕ ਵਿਸ਼ਾਲ ਪੱਥਰ ਪਿੰਡ ਨੇ ਡਾਈਨਾਸੋਰ ਆਦਿ ਜੀਵਾਂ ਦਾ ਸਮੂਲ ਨਾਸ਼ ਕਰ ਦਿੱਤਾ ਸੀ।
ਪਰ ਧਿਆਨ ਰਹੇ ਗ੍ਰਹਾਂ ਦੀ ਐਸੀ ਦਸ਼ਾ ਤੇ ਕਿਸੇ ਤਾਂਤ੍ਰਿਕ ਜਾਂ ਜਯੋਤਿਸ਼ੀ ਦਾ ਕੋਈ ਜੋਰ ਨਹੀਂ ਹੁੰਦਾ। ਗ੍ਰਹਾਂ ਦੀ ਦਸ਼ਾ ਵਿਸਮਾਦੁ ਹੈ ਜਿਸ ਪੁਰ ਕੇਵਲ ਪਰਮਾਤਮਾ ਦਾ ਜੋਰ ਹੈ। ਉਹ ਫਲਸਵਰੂਪ ਕੇਵਲ ਪਰਮਾਤਮਾ ਦੇ ਵਿਸਮਾਦੀ ਹੁਕਮ ਵਿਚ ਹਨ।
ਹਰਦੇਵ ਸਿੰਘ, ਜੰਮੂ-06.04.2015 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.