ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਤਾਲੇ ਦੀ ਚਾਬੀ ! (ਨਿੱਕੀ ਕਹਾਣੀ
ਤਾਲੇ ਦੀ ਚਾਬੀ ! (ਨਿੱਕੀ ਕਹਾਣੀ
Page Visitors: 2508

ਤਾਲੇ ਦੀ ਚਾਬੀ ! (ਨਿੱਕੀ ਕਹਾਣੀ
ਵੀਰ ਜੀ ! ਮੇਰਾ ਇੱਕ ਕੰਮ ਅੜ ਗਿਆ ਹੈ, ਤੁਸੀਂ ਹੀ ਕੋਈ ਹਲ ਕਰੋ ! (ਮਨਜੀਤ ਸਿੰਘ ਪਰੇਸ਼ਾਨ ਦਿਸ ਰਿਹਾ ਸੀ)
ਹਰਜੀਤ ਸਿੰਘ (ਹਸਦੇ ਹੋਏ) : ਚਿੰਤਾ ਨਾ ਕਰ ! ਸਾਡੇ ਕੋਲ ਹਰ ਤਾਲੇ ਦੀ ਚਾਬੀ ਹੈ ! ਇਤਨਾ ਵੱਡਾ ਸਰਕਲ ਕਿਸ ਵਾਸਤੇ ਬਣਾ ਕੇ ਰਖਿਆ ਹੈ ? ਹੁਣੇ ਫੋਨ ਮਾਰਦਾ ਹਾਂ ਉਸ _____ (ਗ਼ਾਲ ਕਢਦਾ ਹੈ) ਚਾਬੀ ਨੂੰ, ਜੋ ਇਸ ਕੰਮ ਨੂੰ ਕਰਵਾ ਸਕਦੀ ਹੈ !
ਮਨਜੀਤ ਸਿੰਘ : ਜਿਸਨੇ ਕੰਮ ਕਰਵਾਣਾ ਹੈ, ਤੁਸੀਂ ਉਸਨੂੰ ਗ਼ਾਲ ਕਢ ਰਹੇ ਹੋ ? ਤੁਸੀਂ ਤੇ ਉਨ੍ਹਾਂ ਨੂੰ ਸਾਹਮਣੇ ਪੈਰੀ ਹੱਥ ਲਾ ਕੇ ਮਾਮਾ ਜੀ ਬੁਲਾਉਂਦੇ ਹੋ ?
ਹਰਜੀਤ ਸਿੰਘ (ਮੁਸਕਰਾ ਕੇ) : ਇਸੀ ਤਰਾਂ ਦੇ ਕੰਮਾਂ ਲਈ ਤਾਂ ਉਸ ਨੂੰ ਮਾਮਾ ਬਣਾ (ਰਿਸ਼ਤੇਦਾਰੀ ਗੰਢ ਕੇ)ਰਖਿਆ ਹੋਇਆ ਹੈ, ਵਰਨਾ ਉਸ _____ (ਫਿਰ ਗ਼ਾਲ ਕਢਦਾ ਹੈ) ਨੂੰ ਤਾਂ ਮੈ ਆਪਣੇ ਘਰ ਦਾ ਨੌਕਰ ਨਾ ਬਣਾਵਾ !
ਜਿਸ ਦਿਨ ਕੋਈ ਹੋਰ ਚੰਗੀ ਚਾਬੀ ਮਿਲ ਜਾਵੇਗੀ, ਇਸ ਚਾਬੀ ਨੂੰ ਸੁੱਟ ਦਵਾਂਗੇ ! ਤਾਲਾ ਇੱਕ ਹੁੰਦਾ ਹੈ ਤੇ ਚਾਬੀਆਂ ਭਾਵੇਂ ਪੰਜਾਹ ਬਣਾ ਲਵੋ, ਮਤਲਬ ਤਾਂ ਤਾਲਾ ਖੁਲਣ ਨਾਲ ਹੈ ! ਭਲਾ ਚਾਬੀਆਂ ਨਾਲ ਵੀ ਕੋਈ ਪਿਆਰ ਕਰਦਾ ਹੈ ?
ਮਨਜੀਤ ਸਿੰਘ ਦੇ ਦਿਲ ਅੰਦਰ ਤਰਾਂ ਤਰਾਂ ਦੇ ਖਿਆਲ ਤੁਰਨ ਲੱਗੇ ... "ਸ਼ਾਇਦ ਮੈਂ ਵੀ ਇਨ੍ਹਾਂ ਲਈ ਕਿਸੀ ਕੰਮ ਦੀ ਹੀ ਚਾਬੀ ਹਾਂ ?" ! ਉਸਨੂੰ ਲੱਗਾ ਕਿ ਜਿਵੇਂ ਓਹ ਭੈੜੀ ਗ਼ਾਲ ਉਸ ਲਈ ਵਰਤੀ ਗਈ ਹੈ ! ਫਿਰ ਉਸਨੂੰ
ਅਖਬਾਰ ਦੀ ਓਹ ਖਬਰ ਚੇਤੇ ਆ ਗਈ ਜਿਸ ਵਿੱਚ ਲਿਖਿਆ ਸੀ ਕੀ "ਠੱਗ ਵਿਦਿਆ ਇਸ ਦੁਨੀਆਂ ਦੀਆਂ ਸਭ ਤੋ ਪੁਰਾਣੀ ਵਿਦਿਆ ਵਿੱਚੋਂ ਇੱਕ ਹੈ" ਤੇ ਠੱਗ ਅਕਸਰ ਮਿਠੀਆਂ-ਮਿਠੀਆਂ ਗੱਲਾਂ ਕਰ ਕੇ ਵਿਸ਼ਵਾਸ ਅੱਤੇ ਰਿਸ਼ਤਾ ਗੰਢ ਲੈਂਦਾ ਹੈ, ਪਰ ਅੰਦਰ ਆਪਣੇ ਸ਼ਿਕਾਰ ਨਾਲ ਉਸ ਦਾ ਕੋਈ ਪਿਆਰ ਨਹੀਂ ਹੁੰਦਾ !
ਕਿਹੜੀ ਸੋਚ ਵਿੱਚ ਗੁੰਮ ਹੋ ਗਿਆ ਹੈਂ ? (ਹਰਜੀਤ ਸਿੰਘ ਨੇ ਮਨਜੀਤ ਸਿੰਘ ਦਾ ਮੋਢਾ ਫੜ ਕੇ ਪੁਛਿਆ)
ਮਨਜੀਤ ਸਿੰਘ (ਸੋਚ ਤੋਂ ਬਾਹਰ ਕੇ) : ਕੁਝ ਨਹੀਂ ! ਬਸ ਰਿਸ਼ਤਿਆਂ ਅੱਤੇ ਭਾਵਨਾਵਾਂ ਦੇ ਚਮਕਦੇ ਤਾਲੇ ਨੂੰ ਕਮੀਨਗੀ ਦੀ ਜੰਗ ਲੱਗੀ ਚਾਬੀ ਨਾਲ ਖੁਲਦੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅਚਾਨਕ ਚਾਬੀ ਟੁੱਟ ਗਈ !
ਬਲਵਿੰਦਰ ਸਿੰਘ ਬਾਈਸਨ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.