ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਸਫਰ ਕਰਨ ਮਹਿੰਗਾ ਪੈ ਰਿਹੈ ਯਾਤਰੀਆਂ ਨੂੰ
ਚੰਡੀਗੜ੍ਹ, 30 ਜੁਲਾਈ (ਪੰਜਾਬ ਮੇਲ)- ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਸਫਰ ਕਰਨਾ ਕਾਫੀ ਮਹਿੰਗਾ ਪੈ ਰਿਹਾ ਹੈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਿੱਲੀ ਤੋਂ ਚੰਡੀਗੜ੍ਹ ਦਾ ਸਫਰ ਕਰਦੇ ਸਮੇਂ ਯਾਤਰੀ 12 ਰੁਪਏ ਯੂਜ਼ਰ ਡਿਵੈਲਪਮੈਂਟ ਫੀਸ (ਯੂ.ਡੀ.ਐਫ.) ਦੇਣੀ ਪੈਂਦੀ ਹੈ। ਜਦੋਂਕਿ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਦਿੱਲੀ ਦੀ ਟਿਕਟ ਲੈਣ ‘ਤੇ ਯਾਤਰੀ ਨੂੰ 295 ਰੁਪਏ ਯੂ. ਡੀ. ਐਫ. ਦੇਣਾ ਪੈਂਦਾ ਹੈ। ਮੁੰਬਈ ਲਈ ਇਹ ਯੂ. ਡੀ. ਐਫ. 767 ਰੁਪਏ ਹੈ। ਇਸ ਦੇ ਇਲਾਵਾ ਏਅਰ ਟਿਕਟ ‘ਚ ਗੁਡਸ ਐਂਡ ਸਰਵਿਸ ਟੈਕਸ (ਜੀ. ਐਸ. ਟੀ.) ਅਤੇ ਪੈਸੇਂਜਰ ਸਰਵਿਸ ਫੀਸ ਹਵਾਈ ਅੱਡਾ ਮੈਨੇਜਮੈਂਟ ਨੂੰ ਵੱਖਰੇ ਤੋਂ ਦੇਣੀ ਪੈਂਦੀ ਹੈ। ਅਜਿਹੇ ‘ਚ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਯੂ. ਡੀ. ਐਫ. ਦੇ ਰੂਪ ‘ਚ ਮੋਟੀ ਰਕਮ ਖਰਚ ਕਰਨੀ ਪੈ ਰਹੀ ਹੈ। ਇਸ ਦੇ ਮੁਕਾਬਲੇ ਜੇਕਰ ਦਿੱਲੀ ਕੌਮਾਂਤਰੀ ਹਵਾਈ ਅੱਡੇ ਦੀ ਗੱਲ ਕੀਤੀ ਜਾਏ ਤਾਂ ਉਥੇ ਯੂ. ਡੀ.ਐਫ. ਫੀਸ ਕਾਫੀ ਘੱਟ ਹੈ ਅਤੇ ਸਹੂਲਤਾਂ ਵੀ ਇਥੋਂ ਤੋਂ ਜ਼ਿਆਦਾ ਹਨ।
ਜਾਣਕਾਰੀ ਮੁਤਾਬਕ ਹਵਾਈ ਟਿਕਟ ਦੀ ਕੀਮਤ ਫਲੈਕਸੀ ਕਿਰਾਇਆ ਪ੍ਰਣਾਲੀ ‘ਤੇ ਆਧਾਰਤ ਹੈ। ਫਲੈਕਸੀ ਕਿਰਾਇਆ ਪ੍ਰਣਾਲੀ ‘ਚ ਟਿਕਟਾਂ ਜਿੰਨੀਆਂ ਘੱਟ ਹੁੰਦੀਆਂ ਜਾਂਦੀਆਂ ਹਨ, ਕਿਰਾਇਆ ਓਨਾਂ ਹੀ ਵੱਧਦਾ ਜਾਂਦਾ ਹੈ। ਹਵਾਈ ਟਿਕਟ ਦੀ ਇਕੋਨਾਮੀ ਕਲਾਸ ‘ਤੇ ਪਹਿਲਾਂ 5 ਫੀਸਦੀ ਟੈਕਸ ਲਗਦਾ ਹੈ, ਜੀ. ਐਸ. ਟੀ. ਲਾਗੂ ਹੋਣ ਦੇ ਬਾਅਦ ਇਹ ਟੈਕਸ 6 ਫੀਸਦੀ ਹੋ ਗਿਆ ਹੈ। ਉਥੇ ਹੀ ਬਿਜਨੈਸ ਕਲਾਸ ‘ਚ ਪਹਿਲਾਂ 9 ਫੀਸਦੀ ਟੈਕਸ ਲਗਦਾ ਸੀ, ਹੁਣ ਇਸ ਨੂੰ ਜੀ. ਐਸ. ਟੀ. ਦੇ ਬਾਅਦ 12 ਫੀਸਦੀ ਸਲੈਬ ‘ਚ ਰੱਖਿਆ ਗਿਆ ਹੈ। ਇਸ ਦੇ ਬਾਅਦ ਹਵਾਈ ਅੱਡਾ ਮੈਨੇਜਮੈਂਟ ਵਲੋਂ ਲਗਾਏ ਜਾਣ ਵਾਲੇ ਪੈਸੇਂਜਰ ਸਰਵਿਸ ਫੀਸ ਜੋੜੀ ਜਾਂਦੀ ਹੈ, ਜੋ ਕਿ ਵੱਖ ਵੱਖ ਹਵਾਈ ਅੱਡਿਆਂ ‘ਤੇ ਵੱਖੋ ਵੱਖ ਹੈ।
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਘਰੇਲੂ ਉਡਾਣ ਲਈ 154 ਰੁਪਏ ਹੈ। ਉਥੇ ਹੀ ਕੌਮਾਂਤਰੀ ਉਡਾਣ ਲਈ ਇਹ ਫੀਸ 300 ਰੁਪਏ ਹੈ। ਇਸ ਦੇ ਬਾਅਦ ਯੂਜ਼ਰ ਡਿਵੈਲਪਮੈਂਟ ਫੀਸ ਵੀ ਯਾਤਰੀਆਂ ਤੋਂ ਵਸੂਲੀ ਜਾਂਦੀ ਹੈ। ਇਸ ‘ਚ ਘਰੇਲੂ ਸਫਰ ਕਰਨ ਵਾਲੇ ਯਾਤਰੀਆਂ ਤੋਂ 295-767 ਰੁਪਏ ਅਤੇ ਕੌਮਾਂਤਰੀ ਉਡਾਣ ਭਰਨ ਵਾਲੇ ਯਾਤਰੀਆਂ ਤੋਂ 1725 ਰੁਪਏ ਲਏ ਜਾਂਦੇ ਹਨ,
ਜਦੋਂਕਿ ਦਿੱਲੀ ਹਵਾਈ ਅੱਡੇ ਤੋਂ ਘਰੇਲੂ ਉਡਾਨ ਲਈ ਯੂਡੀਐਫ ਸਿਰਫ 12 ਰੁਪਏ ਅਤੇ ਕੌਮਾਂਤਰੀ ਉਡਾਣ ਲਈ 54 ਰੁਪਏ ਹੈ।