ਕੈਟੇਗਰੀ

ਤੁਹਾਡੀ ਰਾਇ



ਨਰਿੰਦਰਜੀਤ ਕੌਰ
ਗੁਰਦੁਆਰਾ ਸਾਹਿਬ ਵਿਚ ਚੌਧਰ ਦੀ ਲੜਾਈ....
ਗੁਰਦੁਆਰਾ ਸਾਹਿਬ ਵਿਚ ਚੌਧਰ ਦੀ ਲੜਾਈ....
Page Visitors: 2634

ਗੁਰਦੁਆਰਾ ਸਾਹਿਬ  ਵਿਚ ਚੌਧਰ ਦੀ ਲੜਾਈ....
    ਸਿੱਖ ਧਰਮ ਇੱਕ ਅਜਿਹਾ ਧਰਮ ਹੈ,ਜਿਸ ਵਿੱਚ ਸਾਰਿਆਂ ਲਈ ਪਿਆਰ ਤੇ ਸਤਿਕਾਰ ਹੈ।ਸੰਗਤ ਅਤੇ ਪੰਗਤ ਸਾਨੂੰ ਇੱਕ ਭਾਈਚਾਰਾ ਸਿਖਾਉਂਦੀ ਹੈ।ਸਾਡੇ ਗੁਰੂ ਨੇ ਸਾਨੂੰ ਇੱਕ ਅਜਿਹਾ ਗੁਰੂ ਦਿੱਤਾ ਹੈ,ਜੋ ਰਹਿੰਦੀ ਦੁਨੀਆਂ ਤੱਕ ਸਾਡੇ ਵਿੱਚ ਰਹਿਣਗੇ।ਸਾਡੇ ਗੁਰੂ ਹਨ,ਸਿਰਫ ਤੇ ਸਿਰਫ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ"।
       ਗੁਰੂਦੁਆਰਾ ਸਾਹਿਬ ਦੇ ਨਾਂ ਤੇ ਲੜਾਈ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ।ਰਾਜਨੀਤਿਕ ਪਾਰਟੀਆਂ ਗੁਰਦੁਆਰਾ ਸਾਹਿਬ ਦੇ ਨਾਂ ਤੇ ਪਾਰਟੀਆਂ ਬਣਾ ਕੇ ਸਾਨੂੰ ਸਿੱਖਾਂ ਨੂੰ ਆਪਸ ਵਿੱਚ ਲੜਾ ਰਹੇ ਹਨ,ਅਤੇ ਅਸੀਂ ਬਿਨਾਂ ਕੁੱਝ ਸੋਚੇ ਸਮਝੇ ਅਤੇ ਬਿਨਾਂ ਸਾਡੇ ਧਰਮ ਦੀਆਂ ਸਿੱਖਿਆਵਾਂ ਜਾਣੇ ਬਗੈਰ ਅਸੀਂ ਪਾਰਟੀਆਂ ਪਿੱਛੇ ਲੱਗ ਕੇ ਆਪਸ ਵਿੱਚ ਲੜ ਰਹੇ ਹਾਂ।ਲੜਾਈ ਕਰਨੀ ਹੈ,ਤਾਂ ਆਪਣੇ ਧਰਮ ਨੂੰ ਬਚਾਉਣ ਦੀ ਕਰੋ,ਨਾ ਕਿ ਉਸਨੂੰ ਬਦਨਾਮ ਕਰਨ ਦੀ।ਅਸੀਂ ਇੱਕ ਦੂਜੇ ਤੇ ਲਾਠੀ ਚਲਾ ਕੇ ਕੋਈ ਬਹਾਦਰੀ ਨਹੀਂ ਕਰ ਰਹੇ।ਸਿੱਖ ਧਰਮ ਨੂੰ ਅਸੀਂ ਪੂਰੀ ਦੁਨੀਆਂ ਸਾਮਣੇ ਇਸ ਤਰ੍ਹਾਂ ਪੇਸ਼ ਕਰ ਰਹੇ ਹਾਂ,ਕਿ ਕੋਈ ਵੀ ਆਉਣ ਵਾਲੇ ਸਮੇਂ 'ਚ ਸਿੱਖ ਧਰਮ ਤੇ ਵਿਸ਼ਵਾਸ ਨਹੀਂ ਕਰੇਗਾ।ਤੁਸੀਂ ਆਪਣੇ ਧਰਮ ਦੀਆਂ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਕੁੱਝ ਰਾਜਨੀਤਿਕ ਦਲਾਂ ਪਿੱਛੇ ਲੱਗੇ ਫਿਰਦੇ ਹੋ।ਉਹ ਸਿਰਫ ਇਹ ਸਭ ਸ਼ਕਤੀ ਤੇ ਪੈਸੇ ਲਈ ਕਰ ਰਹੇ ਹਨ।ਪਰ ਤੁਸੀਂ ਸੋਚੋ ਥੋਨੂੰ ਕੀ ਮਿਲੂ।ਮੈਂ ਦੱਸਾਂ, ਤੁਹਾਨੂੰ ਮਿਲੂਗੀ ਸਿੱਖ ਧਰਮ ਤੋਂ ਸਿਰਫ ਤੇ ਸਿਰਫ ਦੂਰੀ।ਕਿਉਂਕਿ ਤੁਸੀਂ ਸਿੱਖ ਹੋਣ ਦਾ ਕੋਈ ਕੰਮ ਕਰ ਹੀ ਨਹੀਂ ਰਹੇ।ਕਿਉਂਕਿ ਇੱਕ ਸੱਚਾ ਸਿੱਖ ਗੁਰਦੁਆਰੇ ਜਾ ਕੇ ਸੇਵਾ ਕਰਦਾ ਹੈ,ਪਾਠ ਕਰਦਾ ਹੈ,ਨਾ ਕਿ ਲਾਠੀ ਚਲਾਉਂਦਾ ਹੈ।ਸਿੱਖ ਇਤਿਹਾਸ ਵਿੱਚ ਸਿੱਖਾਂ ਨੇ ਧਰਮ ਅਤੇ ਗੁਰਦੁਆਰੇ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਹਨ, ਸ਼ਹੀਦੀਆਂ ਪਾਈਆਂ ਹਨ।ਪ੍ਰੰਤੂ ਉਸ ਲੜਾਈ 'ਚ ਤੇ ਇਸ ਲੜਾਈ 'ਚ ਜ਼ਮੀਨ ਆਸਮਾਨ ਦਾ ਫਰਕ ਹੈ।ਉਹ ਲੜਾਈਆਂ ਸਿੱਖ ਧਰਮ ਨੂੰ ਬਚਾਉਣ ਲਈ ਸਨ ਪਰ ਇਹ ਲੜਾਈਆਂ ਸਿਰਫ ਸ਼ਕਤੀ ਤੇ ਪੈਸੇ ਲਈ ਹਨ।
      ਉਸ ਸਮੇਂ ਦੇ ਸਿੱਖ ਗੁਰਦੁਆਰੇ ਬਚਾਉਣ ਲਈ ਲੜੇ ਸਨ ਪਰ ਹੁਣ ਸਿੱਖ ਆਪਸ ਵਿੱਚ ਲੜ ਕੇ ਸਿੱਖੀ ਨੂੰ ਖਤਮ ਕਰਨ ਤੇ ਤੁਰ ਪਏ ਹਾਂ।ਇਹ ਸਭ ਵੇਖ ਕੇ ਸਾਡੀ ਆਉਣ ਵਾਲੀ ਪੀੜ੍ਹੀ ਕੀ ਸਿੱਖੇਗੀ? ਕੀ ਉਹ ਸਿੱਖ ਧਰਮ ਤੇ ਵਿਸ਼ਵਾਸ ਕਰੇਗੀ?ਇਹ ਸਭ ਕਰਕੇ ਅਸੀਂ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਚਹੁੰ ਵਰਨਾਂ 'ਚ ਸਿਖਾਉਣਾ ਤਾਂ ਭੁੱਲ ਹੀ  ਜਾਈਏ।ਕਿਉਂਕਿ ਇਹ ਲੜਾਈਆਂ,ਮਾਰ ਕੁਟਾਈ ਵੇਖ ਕੇ ਸਾਡੀ ਆਉਣ ਵਾਲੀ ਪੀੜ੍ਹੀ ਸਿੱਖੀ ਤੇ ਵਿਸ਼ਵਾਸ ਨਹੀਂ ਕਰੇਗੀ।ਜਿਸ ਲਈ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ।ਖੈਰ ਅਜੇ ਵੀ ਸਾਡੇ ਕੋਲ ਸਮਾਂ ਹੈ,ਕਿ ਅਸੀਂ ਧਰਮ ਦੀਆਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਅਪਣਾਈਏ।ਤੇ ਇਹਨਾਂ ਰਾਜਨੀਤਿਕ ਦਲਾਂ ਦੀਆਂ ਅਖੌਤੀ ਧਾਰਮਿਕ ਪਰਟੀਆਂ ਨੂੰ ਛੱਡ ਕੇ ਸਿੱਖੀ ਸਰੂਪ ਵੱਲ ਝਾਤ ਮਾਰ ਕੇ ਸਿੱਖ ਧਰਮ ਨੂੰ ਡਿੱਗਣ ਤੋਂ ਬਚਾਈਏ।

ਨਰਿੰਦਰਜੀਤ ਕੌਰ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.